ਤਲਵੰਡੀ ਭਾਈ, 3 ਦਸੰਬਰ (ਰਵਿੰਦਰ ਸਿੰਘ ਬਜਾਜ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਚੌਹਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਆਹ ਮੌਕੇ ਪੈਲੇਸ ਵਿਚ ਹਥਿਆਰ ਲੈ ਕੇ ਆਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਹ ਹਦਾਇਤਾਂ ਸਾਨੂੰ ਐਸ.ਐਸ.ਪੀ ਸਾਹਿਬ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਦਿੱਤੀਆਂ ਗਈਆਂ ਹਨ | ਇਸ ਲਈ ਵਿਆਹ ਵਾਲੇ ਦੋਨਾਂ ਪਰਿਵਾਰਾਂ ਵਲੋਂ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਮੌਕੇ ਹਥਿਆਰ ਲੈ ਕੇ ਆਉਣ ਦੀ ਮਨਾਹੀ ਕੀਤੀ ਜਾਵੇ ਕਿਉਂਕਿ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਏ ਪੈਲੇਸ ਵਿਚ ਇਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ | ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਐਸ.ਐਸ.ਪੀ ਵਲੋਂ ਸਖ਼ਤ ਹਦਾਇਤਾਂ ਮੈਰਿਜ ਪੈਲੇਸ ਐਸੋਸੀਏਸ਼ਨ ਨੂੰ ਦਿੱਤੀਆਂ ਗਈਆਂ ਹਨ | ਜ਼ਿਲ੍ਹਾ ਪ੍ਰਸ਼ਾਸਨ ਦੀਆਂ ਇਹਨਾਂ ਹਦਾਇਤਾਂ ਨੂੰ ਦੇਖਦੇ ਹੋਏ ਪੈਲੇਸ ਮਾਲਕਾਂ ਵਲੋਂ ਪੈਲੇਸ ਵਿਚ ਵਿਆਹ ਵਾਲੇ ਦੋਵਾਂ ਪਰਿਵਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਅਸਲਾ ਲੈ ਕੇ ਆਉਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਗਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਦਿੱਤੀਆਂ ਹਦਾਇਤਾਂ ਨੂੰ ਕੋਈ ਅੱਖੋਂ ਪਰੋਖੇ ਕਰਦਾ ਹੈ ਤਾਂ ਉਹ ਜਿੰਮੇਵਾਰੀ ਉਸ ਪਰਿਵਾਰ ਦੀ ਹੋਵੇਗੀ |