ਫ਼ਿਰੋਜ਼ਪੁਰ, 3 ਦਸੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸਿਵਲ ਸਰਜਨ ਦਫ਼ਤਰ ਵਿਖੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਪਿਛਲੇ 2 ਮਹੀਨੇ ਦੀਆਂ ਤਨਖ਼ਾਹਾਂ ਨਾ ਮਿਲਣ ਕਰਕੇ ਧਰਨਾ ਲਗਾਇਆ ਗਿਆ | ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਸਿਹਤ ਸੇਵਾਵਾਂ ਦੇ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ 10000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ | ਜਿਸ ਕਰਕੇ ਮੁਲਾਜ਼ਮਾਂ ਵਲੋਂ 1 ਦਸੰਬਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ | ਇਸੇ ਲੜੀ ਤਹਿਤ ਅੱਜ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਸਿਵਲ ਸਰਜਨ ਦਫ਼ਤਰ ਵਿਖੇ ਧਰਨੇ ਲਗਾਏ ਜਾ ਰਹੇ ਹਨ ਅਤੇ 4 ਦਸੰਬਰ ਨੂੰ ਐੱਮ.ਡੀ ਐੱਨ.ਐੱਚ.ਐੱਮ ਦਫ਼ਤਰ ਚੰਡੀਗੜ੍ਹ ਵਿਖੇ ਧਰਨਾ ਲਗਾਇਆ ਜਾਵੇਗਾ ਜਿਸ ਵਿਚ ਪੂਰੇ ਪੰਜਾਬ ਵਿਚੋਂ 6000 ਮੁਲਾਜ਼ਮ ਸ਼ਾਮਲ ਹੋਣਗੇ | ਆਗੂਆਂ ਨੇ ਦੱਸਿਆ ਕਿ ਆਪ ਸਰਕਾਰ ਦੇ ਮੰਤਰੀ ਪਿਛਲੀਆਂ ਸਰਕਾਰਾਂ ਵਿਚ ਐੱਨ.ਐੱਚ.ਐੱਮ ਦੇ ਧਰਨਿਆਂ ਵਿਚ ਸ਼ਾਮਲ ਹੁੰਦੇ ਸੀ ਅਤੇ ਉੱਥੇ ਵਾਅਦਾ ਕਰਦੇ ਸੀ ਕਿ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੁਹਾਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਵਲੋਂ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਉਲਟਾ ਕੰਮ ਕਰਨ ਤੋਂ ਬਾਅਦ ਵੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ | ਆਗੂਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਪ੍ਰਤੀ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ | ਸਰਕਾਰ ਦੇ ਆਗੂਆਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ 25 ਤੋਂ 30 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਰੀਆਂ ਹੀ ਬੇਸਿੱਟਾ ਨਿਕਲੀਆਂ ਹਨ | ਆਗੂਆਂ ਨੇ ਕਿਹਾ ਉਨ੍ਹਾਂ ਵਲੋਂ ਮਜਬੂਰੀ ਵਿਚ ਸਿਹਤ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਸਾਡੀਆਂ ਮੰਗਾਂ ਪੂਰੀਆਂ ਕਰੇ ਅਤੇ ਰੁਕੀਆਂ ਹੋਈਆਂ ਤਨਖ਼ਾਹਾਂ ਜਾਰੀ ਕਰੇ ਨਹੀਂ ਮਜਬੂਰਨ ਉਨ੍ਹਾਂ ਨੂੰ ਹੜਤਾਲ ਜਾਰੀ ਰੱਖਣੀ ਪਵੇਗੀ | ਧਰਨੇ ਨੂੰ ਡਾ. ਪ੍ਰੀਤ ਮਖੀਜਾ, ਨਰਿੰਦਰ ਸਿੰਘ, ਪੈਰਾਮੈਡੀਕਲ ਯੂਨੀਅਨ ਆਗੂ ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਕੌੜਾ, ਡਾ. ਲਲਿਤ ਨਾਗਪਾਲ, ਬਗੀਚ ਸਿੰਘ, ਸੁਖਦੇਵ ਸਿੰਘ, ਲਵਪ੍ਰੀਤ ਸਿੰਘ, ਡਾ ਸ਼ਿਵਲਕਸ਼ਨਾ ਸ਼ੋਰੀ, ਰਾਜਵਿੰਦਰ ਕੌਰ, ਗੌਰਵ ਦਾਸ, ਹਰਜਿੰਦਰ ਸਿੰਘ, ਕਮਲਜੀਤ ਸਿੰਘ ਆਦਿ ਵੱਲੋਂ ਸੰਬੋਧਨ ਕੀਤਾ ਗਿਆ |