ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)-ਰੇਲਗੱਡੀ ਅੱਗੇ ਛਾਲ ਮਾਰ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ, ਉਹ ਪਿਛਲੇ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ | ਮਿ੍ਤਕ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਭੂਪ ਰਾਮ ਵਾਸੀ ਪਿੰਡ ਸੈਦਾਵਾਲੀ ਵਜੋਂ ਹੋਈ ਹੈ | ਰੇਲਵੇ ਪੁਲਿਸ ਨੇ ਧਾਰਾ 194 ਤਹਿਤ ਕਾਰਵਾਈ ਕਰਦਿਆਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ | ਜਾਣਕਾਰੀ ਅਨੁਸਾਰ ਭੁਪਿੰਦਰ ਪੁੱਤਰ ਭੂਪ ਰਾਮ 12 ਜੁਲਾਈ ਤੋਂ ਘਰੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਪਰ ਉਹ ਉਨ੍ਹਾਂ ਨੂੰ ਨਹੀਂ ਮਿਲਿਆ | ਜਦੋਂ ਮੰਗਲਵਾਰ ਸਵੇਰੇ ਅਬੋਹਰ ਸ਼੍ਰੀ ਗੰਗਾਨਗਰ ਰੇਲਵੇ ਰੂਟ 'ਤੇ ਸੀਤੋ ਰੋਡ 'ਤੇ ਇੱਕ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਦਿੱਤੀ | ਜਿਵੇਂ ਹੀ ਡਰਾਈਵਰ ਨੂੰ ਇਸ ਬਾਰੇ ਪਤਾ ਲੱਗਾ, ਉਸ ਨੇ ਗੱਡੀ ਰੋਕ ਲਈ ਅਤੇ ਜ਼ਖਮੀ ਨੌਜਵਾਨ ਨੂੰ ਇੱਕ ਗੱਡੀ ਵਿਚ ਸਟੇਸ਼ਨ ਲਿਜਾਇਆ ਗਿਆ ਅਤੇ ਜੀ.ਆਰ.ਪੀ ਨੂੰ ਸੂਚਿਤ ਕੀਤਾ ਗਿਆ | ਪੁਲਿਸ ਦੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭੁਪਿੰਦਰ 12 ਜੁਲਾਈ ਤੋਂ ਲਾਪਤਾ ਸੀ ਅਤੇ ਉਹ ਉਸ ਦੀ ਭਾਲ ਕਰ ਰਹੇ ਸਨ | ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ | ਰੇਲਵੇ ਪੁਲਿਸ ਦੇ ਏ.ਐੱਸ.ਆਈ ਜੀਤ ਸਿੰਘ ਨੇ ਕਿਹਾ ਕਿ ਫ਼ਿਲਹਾਲ ਪਰਿਵਾਰ ਦੇ ਬਿਆਨਾਂ 'ਤੇ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ | ਨੌਜਵਾਨ ਦੇ ਮੋਬਾਈਲ ਫ਼ੋਨ ਨੂੰ ਟਰੇਸ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ |