12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੋਢੀ ਨਗਰ ਦੇ ਬੱਚੇ ਪਿੰਡ 'ਤੇ ਲੱਗਿਆ ਨਸ਼ਿਆਂ ਦਾ ਦਾਗ਼ ਧੋਣ ਲੱਗੇ

ਅਜੀਤ ਡੈਸਕ 01-06-2025
ਕੁੱਲਗੜ੍ਹੀ, 31 ਮਈ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਘੱਲ ਖ਼ੁਰਦ ਦੇ ਅਧੀਨ ਨਸ਼ਿਆਂ 'ਚ ਦਾਗ਼ੀ ਹੋਏ ਪਿੰਡ ਸੋਢੀ ਨਗਰ ਦੇ ਬੱਚਿਆਂ ਨੇ ਪਿੰਡ 'ਤੇ ਲੱਗਿਆ ਨਸ਼ਿਆਂ ਦਾ ਦਾਗ਼ ਧੋਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ | ਨੌਜਵਾਨ ਬਲਜਿੰਦਰ ਸਿੰਘ ਜੁਗਨੂੰ ਪੁੱਤਰ ਜੰਗੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਯਤਨ ਕਰ ਰਹੇ ਹਨ | ਉਨ੍ਹਾਂ ਵਲੋਂ ਕੀਤੇ ਜਾ ਰਹੇ ਉੱਦਮ ਨੂੰ ਵੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਬੀਤੀ ਸ਼ਾਮ ਅਚਾਨਕ ਖੇਡ ਮੈਦਾਨ ਪਹੁੰਚ ਗਏ, ਜਿੱਥੇ ਉਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਇਆ | ਉਨ੍ਹਾਂ ਕਿਹਾ ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਬੱਚਿਆਂ ਨਾਲ ਖੁੱਲ੍ਹ ਕੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਖੇਡਾਂ ਦੇ ਨਾਲ-ਨਾਲ ਚੰਗੀ ਵਿੱਦਿਆ ਪ੍ਰਾਪਤ ਕਰ ਨੌਕਰੀਆਂ 'ਤੇ ਲੱਗਣ ਲਈ ਪੇ੍ਰਰਿਤ ਕੀਤਾ ਤਾਂ ਜੋ ਉਹ ਆਪਣੇ ਪਰਿਵਾਰ ਦਾ ਭਵਿੱਖ ਰੌਸ਼ਨ ਕਰ ਸਕਣ ਅਤੇ ਪਿੰਡ ਦਾ ਰੁਤਬਾ ਵੀ ਉੱਚਾ ਕਰ ਸਕਣ | ਇਸ ਸਮੇਂ ਪੁਲਿਸ ਵਿਭਾਗ ਵਲੋਂ ਖਿਡਾਰੀਆਂ ਨੂੰ ਘਿਉ, ਭੁੱਜੇ ਛੋਲੇ, ਕੇਲੇ, ਲੱਸੀ ਆਦਿ ਦੇਣ ਸਮੇਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਹਰੇਕ ਮਹੀਨੇ ਮਦਦ ਕੀਤੀ ਜਾਵੇਗੀ ਤਾਂ ਜੋ ਇਹਨਾਂ ਬੱਚਿਆਂ ਨੂੰ ਵੇਖ ਪਿੰਡ ਦੇ ਹੋਰ ਬੱਚੇ ਵੀ ਖੇਡਾਂ 'ਚ ਰੁਚੀ ਰੱਖਣ | ਇਸ ਮੌਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਦਾ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਅਤੇ ਪਿੰਡ ਸੋਢੀ ਨਗਰ ਤੋਂ ਨਸ਼ੇ 'ਤੇ ਵੱਡੇ ਪੱਧਰ 'ਤੇ ਲਗਾਈ ਰੋਕ 'ਤੇ ਧੰਨਵਾਦ ਕੀਤਾ | ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਕਰਨ ਸ਼ਰਮਾ ਡੀ.ਐੱਸ.ਪੀ ਦਿਹਾਤੀ ਅਤੇ ਥਾਣਾ ਘੱਲ ਖ਼ੁਰਦ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਹਦਾਇਤ ਕੀਤੀ ਕਿ ਨਸ਼ਾ ਤਸਕਰਾਂ ਨਾਲ ਪੂਰੀ ਸਖ਼ਤੀ ਵਰਤੀ ਜਾਵੇ ਤਾਂ ਜੋ ਪਿੰਡ ਦੇ ਆਮ ਵਸਨੀਕ ਬੇਖ਼ੌਫ਼ ਹੋ ਆਪਣਾ ਜੀਵਨ ਬਸਰ ਕਰ ਸਕਣ |
ਪਿਛਲੀ ਖ਼ਬਰ ਇਗਨੂੰ 'ਚ ਸੈਸ਼ਨ ਜੂਨ 2025 ਦੀਆਂ ਪ੍ਰੀਖਿਆਵਾਂ ਮੁਲਤਵੀ-ਡਾ. ਵੀਰਪਾਲ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਦਾ ਜੋਸ਼ੋ-ਖਰੋਸ਼ ਨਾਲ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।