ਲਹਿਰਾਗਾਗਾ, 8 ਦਸੰਬਰ (ਅਸ਼ੋਕ ਗਰਗ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ 11 ਦਸੰਬਰ ਨੂੰ ਜਲ ਸ੍ਰੋਤ ਮੰਤਰੀ ਬਰਿੰਦਰ ਗੋਇਲ ਦੀ ਲਹਿਰਾਗਾਗਾ ਰਿਹਾਇਸ਼ ਅੱਗੇ ਧਰਨਾ ਲਗਾਵੇਗੀ | ਯੂਨੀਅਨ ਦੇ ਇਲਾਕਾ ਕਮੇਟੀ ਆਗੂ ਗੁਰਜੰਟ ਸਿੰਘ ਲਹਿਲ ਕਲਾਂ ਅਤੇ ਬਲਵਿੰਦਰ ਸਿੰਘ ਕੱਲਰ ਭੈਣੀ ਨੇ ਦੱਸਿਆ ਕਿ ਧਰਨੇ ਦੀ ਲਾਮਬੰਦੀ ਲਈ ਪਿੰਡ ਸ਼ੇਰਗੜ੍ਹ, ਭੂੰਦੜਭੈਣੀ, ਸਲੇਮਗੜ੍ਹ, ਗੋਬਿੰਦਪੁਰਾ ਪਾਪੜਾ, ਲਹਿਲ ਕਲਾਂ, ਢੀਂਡਸਾ, ਚੰਗਾਲੀਵਾਲਾ, ਸੰਗਤਪੁਰਾ, ਗੰਢੂਆ ਲਹਿਲ ਕੋਟੜਾ ਅਤੇ ਛਾਹੜ 'ਚ ਭਰਵੀਆਂ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਹਨ | ਮੀਟਿੰਗਾਂ ਨੂੰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ, ਗੋਪੀ ਗਿਰ ਕਲਰ ਭੈਣੀ, ਲੀਲਾ ਸਿੰਘ ਢੀਂਡਸਾ ਅਤੇ ਨਿਰਭੈ ਸਿੰਘ ਗੋਬਿੰਦਪੁਰਾ ਪਾਪੜਾ ਨੇ ਸੰਬੋਧਨ ਕੀਤਾ | ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਦੀ ਥਾਂ ਲਗਾਤਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ | ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਸਮਾਜਿਕ ਬੇਵੁੱਕਤੀ ਤੋਂ ਨਿਜਾਤ ਪਾਉਣ, ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕਰਾਉਣ, ਅÏਰਤਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਸਮੇਤ 'ਆਪ' ਸਰਕਾਰ ਵਲੋਂ ਐਲਾਨੀਆਂ ਚੋਣ ਗਰੰਟੀਆਂ ਲਾਗੂ ਕਰਵਾਉਣ, ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ 'ਤੇ ਦਰਜ ਕੇਸ ਰੱਦ ਕਰਾਉਣ, ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕਰਾਉਣ , ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਲਾਗੂ ਕਰਨ, ਬਿਜਲੀ ਸੋਧ ਬਿੱਲ 2025 ਤੇ ਮਜ਼ਦੂਰ ਵਿਰੋਧੀ ਕਿਰਤ ਕੋਡ ਅਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ 11 ਦਸੰਬਰ ਨੂੰ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਲਹਿਰਾਗਾਗਾ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨੇ 'ਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ |