ਧੂਰੀ, 8 ਦਸੰਬਰ (ਸੰਜੇ ਲਹਿਰੀ) - ਇੰਨੀ ਦਿਨੀਂ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਧੂਰੀ ਵਿਚ ਕਾਂਗਰਸ ਪਾਰਟੀ ਨੇ ਆਪਣੇ ਕੁਝ ਸੀਨੀਅਰ ਆਗੂਆਂ ਨੂੰ ਆਪੋ ਆਪਣੇ ਉਮੀਦਵਾਰਾਂ ਦੇ ਇਲਾਕੇ ਵੰਡ ਕੇ ਉਮੀਦਵਾਰ ਖੜੇ ਕਰਨ ਦੀ ਹੱਲਾ ਸ਼ੈਰੀ ਦੇ ਕੇ ਇਨ੍ਹਾਂ ਆਗੂਆਂ ਦਾ ਦਮ-ਖੰਮ ਦੇਖਣ ਦਾ ਮਨ ਬਣਾਇਆ ਹੋਇਆ ਜਾਪਦਾ ਹੈ | ਇਸ ਲੜੀ ਵਿਚ ਧੂਰੀ ਦੇ ਸਾਬਕਾ ਵਿਧਾਇਕ ਸ੍ਰੀ ਦਲਵੀਰ ਸਿੰਘ ਗੋਲਡੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਸ਼ੁਭਮ ਸ਼ਰਮਾ ਅਤੇ ਹਰਦੀਪ ਸਿੰਘ ਦੌਲਤਪੁਰ ਸ਼ਾਮਿਲ ਹਨ ਇਨ੍ਹਾਂ ਆਗੂਆਂ ਨੇ ਵੱਖ-ਵੱਖ ਪੰਚਾਇਤ ਸੰਮਤੀਆਂ ਵਿਚ ਆਪੋ ਆਪਣੇ ਉਮੀਦਵਾਰ ਖੜੇ ਕਰ ਕੇ ਉਨ੍ਹਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਅਤੇ ਇਨ੍ਹਾਂ ਆਗੂਆਂ ਵਲੋਂ ਜ਼ਿਆਦਾਤਰ ਆਪੋ ਆਪਣੇ ਖੜੇ ਕੀਤੇ ਹੋਏ ਉਮੀਦਵਾਰਾਂ ਦੇ ਹੱਕ ਵਿਚ ਹੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਚਰਚਾ ਇਸ ਗੱਲ ਦੀ ਵੀ ਹੈ ਕਿ ਜਿਹੜਾ ਆਗੂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਵਧੇਰੇ ਸਫ਼ਲ ਰਹੇਗਾ ਜਾ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਜ਼ਿਆਦਾ ਵੋਟਾਂ ਪਵਾਉਣ ਵਿਚ ਸਫ਼ਲ ਰਹੇਗਾ ਉਸ ਦਾ ਪੱਲੜਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਰੀ ਰਹਿ ਸਕਦਾ ਹੈ | ਨੌਜਵਾਨ ਆਗੂ ਸ਼ੁਭਮ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਅਸੀਂ ਆਪੋ ਆਪਣੇ ਉਮੀਦਵਾਰਾਂ ਦੇ ਏਰੀਏ ਵਿਚ ਉਨ੍ਹਾਂ ਨੂੰ ਜਿਤਾਉਣ ਲਈ ਜ਼ਿਆਦਾ ਮਿਹਨਤ ਕਰ ਰਹੇ ਹਾਂ ਪਰੰਤੂ ਫਿਰ ਵੀ ਹਲਕਾ ਧੂਰੀ ਅੰਦਰ ਕਾਂਗਰਸ ਪਾਰਟੀ ਦੇ ਵਰਕਰ ਪੂਰੀ ਤਰ੍ਹਾਂ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਇਨ੍ਹਾਂ ਚੋਣਾਂ ਵਿਚ ਕਰ ਰਹੇ ਹਨ | ਹੁਣ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਕਿਧਰੇ ਆਪੋ ਆਪਣੀ ਲਕੀਰ ਵੱਡੀ ਕਰਨ ਦੀ ਦੌੜ ਵਿਚ ਲੱਗੇ ਇਹ ਆਗੂ ਅੰਦਰਖਾਤੇ ਆਪਸੀ ਖਿੱਚੋ ਤਾਣ ਦੇ ਚੱਲਦਿਆਂ ਇੱਕ ਦੂਜੇ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਇੱਕ ਦੂਜੇ ਦੀ ਬੇੜੀ ਵਿਚ ਵੱਟੇਂ ਪਾਉਣ ਵਾਲਾ ਕੰਮ ਹੀ ਸ਼ੁਰੂ ਨਾ ਕਰ ਦੇਣ ਅਤੇ ਉਮੀਦਵਾਰਾਂ ਦੀ ਹਾਰ ਤੋਂ ਬਾਅਦ ਅਜਿਹਾ ਠੀਕਰਾ ਇੱਕ ਦੂਜੇ ਦੇ ਸਿਰ ਭੰਨਿਆ ਵੀ ਜਾ ਸਕਦਾ ਹੈ | ਇਹ ਮਾਮਲਾ ਅਜੇ ਭਵਿੱਖ ਦੇ ਗਰਭ ਵਿਚ ਹੈ ਪੰਚਾਇਤ ਸੰਮਤੀ ਅਤੇ ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ, ਪਿੰਡਾਂ ਵਿਚ ਮੇਲਿਆਂ ਵਰਗਾ ਮਾਹੌਲ ਹੈ ਨਤੀਜੇ ਆਉਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ ਫਿਲਹਾਲ ਉਮੀਦਵਾਰਾਂ ਨੇ ਆਪਣੇ ਸਾਕ ਸੰਬੰਧੀਆਂ ਦੋਸਤਾਂ ਮਿੱਤਰਾਂ ਆਦਿ ਦੇ ਸਹਿਯੋਗ ਨਾਲ ਆਪੋ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ |