ਲੌਂਗੋਵਾਲ, 8 ਦਸੰਬਰ (ਸ.ਸ.ਖੰਨਾ, ਵਿਨੋਦ)-ਸਥਾਨਕ ਕਸਬੇ ਵਿਚ ਪੱਤੀ ਜੈਦ ਦੇ ਵਸਨੀਕ ਪੂਰਨ ਸਿੰਘ ਕਲਾਸ ਦਾ ਪੋਤਰਾ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਆਪਣੀ ਮਾਤਾ ਸਿਮਰਨਜੀਤ ਕੌਰ ਨਾਲ ਆਪਣੇ ਪਿੰਡ ਆਇਆ ਹੋਇਆ ਹੈ | ਜਿਸ ਦੀ ਪਤੰਗ ਦੀ ਡੋਰ ਨਾਲ ਗਲੇ ਦੀ ਨਾੜ ਕੱਟ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਫ਼ੋਨ 'ਤੇ ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਚਮਕੌਰ ਸਿੰਘ ਕੌਰੀ ਨੇ ਦੱਸਿਆ ਕਿ ਮੇਰਾ ਬੇਟਾ ਦਰਾਵੜ ਸਿੰਘ ਜਿਸ ਦੀ ਉਮਰ ਤਕਰੀਬਨ ਸੱਤ ਸਾਲ ਹੈ | ਉਹ ਘਰ ਦੇ ਅੰਦਰ ਹੀ ਵਿਹੜੇ ਵਿਚ ਖੇਡ ਰਿਹਾ ਸੀ ਅਤੇ ਅਚਾਨਕ ਬਾਹਰ ਉੱਡ ਰਹੇ ਕਿਸੇ ਪਤੰਗ ਦੀ ਡੋਰ ਉਸ ਦੇ ਗਲ 'ਤੇ ਫਿਰਨ ਕਾਰਨ ਖੂਨ ਵਾਲੀ ਨਾੜ ਕੱਟੀ ਗਈ | ਜਦੋਂ ਬੱਚੇ ਨੂੰ ਲੌਂਗੋਵਾਲ ਤੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਨੂੰ ਡੀ.ਐਮ.ਸੀ, ਲੁਧਿਆਣਾ ਵਿਖੇ ਰੈਫ਼ਰ ਕੀਤਾ ਗਿਆ ਉਨ੍ਹਾਂ ਕਿਹਾ ਮੇਰੇ ਪਰਿਵਾਰ ਨੇ ਆਪਣੀ ਸਮਝ ਮੁਤਾਬਿਕ ਬੱਚੇ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਬੱਚਾ ਖ਼ਤਰੇ ਤੋਂ ਬਾਹਰ ਹੈ | ਇਸ ਘਟਨਾ ਬਾਰੇ ਸਰਾਬਾ ਕਲੱਬ ਦੇ ਸਰਪ੍ਰਸਤ ਹਰਦੀਪ ਸਿੰਘ ਖਹਿਰਾ ਨੇ ਦੁੱਖ ਜਾਹਰ ਕਰਦਿਆਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਪਤੰਗ ਚੜ੍ਹਾਉਣ ਵਾਲਿਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕਦੇ ਵੀ ਇਹੋ ਜਿਹੀ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ |