ਕੁੱਪ ਕਲਾਂ, 4 ਦਸੰਬਰ (ਸੁਖਜਿੰਦਰ ਸਿੰਘ ਝੱਲ) - ਪਾਕਿਸਤਾਨ ਦੇ ਚੱਕ ਨੰਬਰ 270 ਆਰ ਬੀ ਮਾਝੀਵਾਲਾ ਭੁਲੇਰ ਤਹਿਸੀਲ ਅਤੇ ਜ਼ਿਲਾ ਲਾਇਲਪੁਰ (ਫੈਸਲਾਬਾਦ) ਵਿਚ ਜਨਮੇ ਅਤੇ ਬਾਅਦ ਵਿਚ ਜ਼ਿਲਾ ਮਲੇਰਕੋਟਲਾ ਦੇ ਛੋਟੇ ਜਿਹੇ ਪਿੰਡ ਛੋਕਰਾਂ ਵਿਖੇ ਆਪਣਾ ਬਚਪਨ ਬਤੀਤ ਕਰਨ ਵਾਲੇ ਡਾ. ਹਰਦੇਵ ਸਿੰਘ ਵਿਰਕ ਵਲੋਂ ਆਪਣੇ ਜੀਵਨ ਆਧਾਰਤ ਪੁਸਤਕ ਮੇਰਾ ਜੀਵਨ ਸਫ਼ਰ ਪਿੰਡ ਛੋਕਰਾਂ ਵਿਖੇ ਕਰਵਾਏ ਇੱਕ ਧਾਰਮਿਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਇਸ ਮੌਕੇ ਭਾਵੁਕ ਭਾਸ਼ਣ ਕਰਦਿਆਂ ਉਨਾਂ ਆਪਣੇ ਪਰਿਵਾਰ ਉੱਤੇ ਬੀਤੇ ਮਾੜੇ ਸਮੇਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਸੰਨ 47 ਵਿਚ ਹੰਡਾਏ ਸੰਤਾਪ ਅਤੇ ਆਜ਼ਾਦੀ ਬਦਲੇ ਜੋ ਸਾਡੇ ਤੋਂ ਖੁੱਸਿਆ ਉਸ ਬਾਰੇ ਸੰਖੇਪ ਰੂਪ ਵਿਚ ਚਾਨਣਾ ਪਾਇਆ | ਉਨਾਂ ਪਾਕਿਸਤਾਨ ਵਿਖੇ ਸਥਿਤ ਆਪਣੇ ਜੱਦੀ ਪਿੰਡ ਵਿਖੇ ਪਿਛਲੇ ਦਿਨੀਂ ਪਾਈ ਫੇਰੀ ਬਾਰੇ ਦੱਸਦਿਆਂ ਆਖਿਆ ਕਿ ਜਿਸ ਮਿੱਟੀ ਵਿਚ ਜਨਮੇ ਸਾਂ ਉੱਥੋਂ ਦੇ ਲੋਕਾਂ ਵਲੋਂ ਦਿੱਤਾ ਗਿਆ ਪਿਆਰ ਕਾਬਿਲੇ ਤਾਰੀਫ਼ ਸੀ | ਇਸ ਮੌਕੇ ਡਾ. ਹਰਦੇਵ ਸਿੰਘ ਵਿਰਕ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਿੰਡ ਵਿਚ ਇੱਕ ਵਧੀਆ ਲਾਇਬਰੇਰੀ ਸਥਾਪਿਤ ਕਰਨ ਜਿਸ ਨਾਲ ਨੌਜਵਾਨੀ ਨੂੰ ਮੋਬਾਈਲ ਕਲਚਰ ਦੀ ਬਜਾਏ ਸ਼ਬਦ ਗਿਆਨ ਨਾਲ ਜੋੜਿਆ ਜਾ ਸਕੇ |