ਧੂਰੀ, 24 ਨਵੰਬਰ (ਲਖਵੀਰ ਸਿੰਘ ਧਾਂਦਰਾ) - ਸ਼ਹਿਰ ਧੂਰੀ ਦੇ ਮੇਨ ਬਾਜ਼ਾਰਾਂ ਵਿਚ ਟਰੈਫ਼ਿਕ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ | ਟਰੈਫ਼ਿਕ ਸਮੱਸਿਆ ਤੋਂ ਨਿਜਾਤ ਲਈ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਸ਼ਹਿਰ ਨਿਵਾਸੀ ਬਹੁਤ ਪ੍ਰੇਸ਼ਾਨ ਹਨ | ਸੜਕਾਂ 'ਤੇ ਗਲਤ ਢੰਗ ਨਾਲ਼ ਖੜਦੇ ਵਹੀਕਲਾਂ ਅਤੇ ਸੜਕ ਤੇ ਲੱਗੀਆਂ ਰੇਹੜੀਆਂ ਟਰੈਫ਼ਿਕ ਜਾਮ ਦਾ ਵੱਡਾ ਕਾਰਨ ਬਣ ਚੁੱਕੇ ਹਨ | ਇੱਥੋਂ ਤੱਕ ਕਿ ਟਰੈਫ਼ਿਕ ਪੁਲਿਸ ਦੇ ਦਫ਼ਤਰ ਅੱਗੇ ਹੀ ਰੋਜ਼ਾਨਾ ਗਲਤ ਢੰਗ ਨਾਲ਼ ਗੱਡੀਆਂ ਖੜਦੀਆਂ ਹਨ | ਇਸ ਸੰਬੰਧੀ ਟਰੈਫ਼ਿਕ ਦਫ਼ਤਰ ਦੇ ਸਾਹਮਣੇ ਸਥਿਤ ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੇੜਲੇ ਬਾਜ਼ਾਰਾਂ 'ਚ ਸਮਾਨ ਦੀ ਖ਼ਰੀਦਦਾਰੀ ਕਰਨ ਆਉਂਦੇ ਲੋਕ ਆਪਣੀਆਂ ਗੱਡੀਆਂ ਇੱਥੇ ਖੜੀਆਂ ਕਰ ਦਿੰਦੇ ਹਨ ਅਤੇ ਕਈ-ਕਈ ਘੰਟੇ ਗੱਡੀਆਂ ਇੱਥੇ ਹੀ ਖੜੀਆਂ ਰਹਿੰਦੀਆਂ ਹਨ | ਉਨ੍ਹਾਂ ਦੱਸਿਆ ਕਿ ਸੰਗਰੂਰ ਵਾਲੀ ਕੋਠੀ ਵਿਚ ਪਾਰਕਿੰਗ ਹੋਣ ਦੇ ਬਾਵਜੂਦ ਲੋਕੀ ਜਾਣ ਬੁਝ ਕੇ ਗਲਤ ਢੰਗ ਨਾਲ਼ ਗੱਡੀਆਂ ਇੱਥੇ ਖੜੀਆਂ ਕਰਦੇ ਹਨ ਜੋ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰੈਫ਼ਿਕ ਦਫ਼ਤਰ ਅੱਗੇ ਗਲਤ ਢੰਗ ਨਾਲ਼ ਖੜਦੀਆਂ ਗੱਡੀਆਂ ਦੇ ਮੌਕੇ ਪਰ ਹੀ ਚਲਾਨ ਕੱਟੇ ਜਾਣ | ਸ਼ਹਿਰ ਵਿਚ ਟਰੈਫ਼ਿਕ ਦੇ ਹੱਲ ਲਈ ਸਖ਼ਤੀ ਵਧਾਈ ਜਾਵੇ ਤਾਂ ਜੋ ਲੋਕਾਂ ਨੂੰ ਟਰੈਫ਼ਿਕ ਪ੍ਰਤੀ ਕੋਈ ਸਮੱਸਿਆ ਪੇਸ਼ ਨਾ ਆਵੇ |