04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖ਼ਾਹਾਂ

ਅਜੀਤ ਡੈਸਕ 03-09-2025
ਸੰਗਰੂਰ, 2 ਸਤੰਬਰ (ਦਮਨਜੀਤ ਸਿੰਘ) - ਨਰੇਗਾ ਕਰਮਚਾਰੀ ਯੂਨੀਅਨ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਸਥਾਨਕ ਬਨਾਰਸ ਬਾਗ ਵਿਖੇ ਹੋਈ | ਮੀਟਿੰਗ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਕਾਕੜਾ ਤੇ ਬਲਾਕ ਆਗੂ ਰਣਧੀਰ ਸਿੰਘ ਧੀਮਾਨ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਰੇ ਬਲਾਕਾਂ ਦੇ ਨਰੇਗਾ ਮੁਲਾਜ਼ਮਾਂ ਨੂੰ ਬੁਲਾ ਕੇ ਨੌਕਰੀ ਦੌਰਾਨ ਆ ਰਹੀਆਂ ਦਿੱਕਤਾਂ 'ਤੇ ਵਿਚਾਰ ਚਰਚਾ ਕੀਤੀ ਗਈ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਏਹ ਹੈ ਕਿ ਪਿੰਡਾਂ ਵਿਚ ਸਭ ਤੋ ਵੱਧ ਆਪਣੇ ਯੋਗਦਾਨ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਲੇ ਤੇ ਪਿੰਡਾਂ ਦੇ ਵਿਚ ਕੰਮ ਕਰਨ ਵਾਲੇ ਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਪਿੰਡਾਂ ਵਿਚ ਹੀ ਵੱਧ ਤੋਂ ਵੱਧ ਰੋਜ਼ਗਾਰ ਦੇਣ ਵਾਲੇ ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਕੋਈ ਵੀ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਇੱਥੇ ਏਹ ਵੀ ਜ਼ਿਕਰਯੋਗ ਹੈ ਕਿ ਬਲਾਕ ਸ਼ੇਰਪੁਰ ਦੇ ਨਰੇਗਾ ਮੁਲਾਜ਼ਮ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸ ਰਹੇ ਹਨ ਤੇ ਇਸ ਤਰਾਂ ਅੱਜ ਦੀ ਮਹਿੰਗਾਈ ਦੇ ਦੌਰ ਵਿਚ ਬਿਨਾਂ ਤਨਖ਼ਾਹ ਤੋ ਅਪਣੇ ਦਫ਼ਤਰਾਂ ਵਿਚ ਤੇ ਸੰਬੰਧਿਤ ਸਰਕਲਾਂ ਵਿਚ ਜਾਣਾ ਵੀ ਮੁਸ਼ਕਲ ਹੋ ਗਿਆ ਹੈ ਤੇ ਮੁਲਾਜ਼ਮਾਂ ਨੂੰ ਸਕੇ ਸੰਬੰਧੀਆਂ ਤੇ ਦੋਸਤਾਂ ਮਿੱਤਰਾਂ ਤੋ ਅਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਪੈਸੇ ਉਧਾਰ ਲੈਣੇ ਪੈ ਰਹੇ ਹਨ | ਆਗੂਆਂ ਨੇ ਕਿਹਾ ਕਿ ਜਦੋਂ ਵੀ ਵਿਭਾਗ ਨਾਲ ਤਨਖ਼ਾਹ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਫ਼ੰਡ ਨਾਂ ਆਉਣ ਦੀ ਗੱਲਬਾਤ ਜਾ ਨਵੇਂ ਸਾਫ਼ਟਵੇਅਰ ਨਾਲ ਤਨਖ਼ਾਹ ਜਾਰੀ ਹੋਣ ਦੀ ਗੱਲ ਹਰ ਵਾਰ ਅੱਗੇ ਰੱਖ ਦਿੱਤੀ ਜਾਂਦੀ ਹੈ ਤੇ ਇਸ ਤਰਾਂ ਤਨਖ਼ਾਹ ਸਮੇਂ ਸਿਰ ਜਾਰੀ ਨਾ ਕਰ ਕੇ ਨਰੇਗਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ | ਅੱਜ ਤੱਕ ਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀਂ ਮਿਲੇ ਤੇ ਇਸੇ ਤਰਾਂ ਸਾਰੇ ਹੀ ਨਰੇਗਾ ਮੁਲਾਜ਼ਮਾਂ ਵਿਚ ਤਨਖ਼ਾਹਾਂ ਜਾਰੀ ਨਾਂ ਹੋਣ ਕਰਕੇ ਤੇ ਰੈਗੂਲਰ ਆਰਡਰਾਂ ਵਿਚ ਹੋ ਰਹੀ ਦੇਰੀ ਕਾਰਨ ਰੋਸ ਦੀ ਲਹਿਰ ਹੈ | ਇਸ ਮੌਕੇ ਅਮਨਦੀਪ ਸਿੰਘ, ਬਿੱਕਰ ਸਿੰਘ, ਮਹਿੰਗਾ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜੀ. ਐਸ. ਟੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਵਰ੍ਹਦੇ ਮੀਂਹ ਵਿਚ ਮਜ਼ਦੂਰਾਂ ਨੇ ਕਾਤਰੋਂ ਚੌਂਕ 'ਚ ਲਾਇਆ ਧਰਨਾ, ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।