ਬਾਘਾ ਪੁਰਾਣਾ, 9 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਜ਼ੋਨ ਮਾਣੂੰਕੇ ਤੋਂ ਉਮੀਦਵਾਰ ਤਿੰਨੇ ਔਰਤਾਂ ਪਿੰਡ ਮਾਣੂੰਕੇ ਦੀਆਂ ਵਸਨੀਕ ਹੋਣ ਕਰਕੇ ਉਕਤ ਚੋਣ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਗਿੱਲ ਧਰਮ-ਪਤਨੀ ਮਨਦੀਪ ਸਿੰਘ ਮਾਣੂੰਕੇ ਜੋ ਕਿ ਪੰਚਾਇਤ ਮੈਂਬਰ ਤੋਂ ਜ਼ਿਲ੍ਹਾ ਟਰੱਕ ਯੂਨੀਅਨ ਪ੍ਰਧਾਨ ਬਣੇ ਹਨ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹੋਣ ਕਰਕੇ ਉਨ੍ਹਾਂ ਦਾ ਸਮੁੱਚੇ ਹਲਕੇ ਅੰਦਰ ਜਿੱਥੇ ਚੰਗਾ ਅਸਰ ਰਸੂਖ਼ ਹੈ, ਉੱਥੇ ਤਕੜਾ ਵੋਟ ਬੈਂਕ ਵੀ ਹੈ | ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੇ ਨਜ਼ਦੀਕੀ ਮੰਨੇ ਜਾਂਦੇ ਸਿਆਸੀ ਤਾਣੇ ਬਾਣੇ ਤੋਂ ਦੂਰ ਉਮੀਦਵਾਰ ਸਿਮਰਨ ਸ਼ਰਮਾ ਵਾਸੀ ਮਾਣੂੰਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਮੈਦਾਨ 'ਚ ਉਤਾਰਿਆ ਗਿਆ ਹੈ, ਜਿਸ ਮਗਰ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦਾ ਵੋਟ ਬੈਂਕ ਨਜ਼ਰ ਆ ਰਿਹਾ ਹੈ, ਜਦੋਂ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਜੀਤ ਕੌਰ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡ ਦੇ ਸਰਪੰਚ ਰਹੇ ਹਨ ਤੇ ਹੁਣ ਮਹਿਲਾ ਵਿੰਗ ਕਾਂਗਰਸ ਪਾਰਟੀ ਦੇ ਸਰਕਲ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ | ਉਕਤ ਉਮੀਦਵਾਰ ਗੁਰਜੀਤ ਕੌਰ ਦੇ ਪਤੀ ਰਾਮ ਸਿੰਘ ਸੀਨੀਅਰ ਕਾਂਗਰਸੀ ਆਗੂ ਦਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਚੰਗਾ ਬੋਲ ਬਾਲਾ ਰਿਹਾ ਹੈ | ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਖੜ੍ਹੀਆਂ ਤਿੰਨੇ ਔਰਤਾਂ ਮਗਰ ਆਪੋ-ਆਪਣੀਆਂ ਪਾਰਟੀਆਂ ਦੀ ਪੱਕੀ ਵੋਟ ਨਜ਼ਰ ਆ ਰਹੀ ਹੈ ਪਰ ਜਿਸ ਉਮੀਦਵਾਰ ਦੇ ਹੱਕ 'ਚ ਆਮ ਵੋਟ ਜਾਂ ਤੋੜ- ਵਿਛੋੜ ਵੋਟ ਭੁਗਤਦੀ ਹੈ, ਉਹੀ ਉਮੀਦਵਾਰ ਜੇਤੂ ਰਹੇਗਾ ਤੇ ਲੋਕਾਂ ਦੀ ਨਜ਼ਰ ਬਲਾਕ ਸੰਮਤੀ ਚੋਣ ਨਾਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 'ਤੇ ਵੱਧ ਟਿਕੀ ਹੋਈ ਹੈ |