ਮੋਗਾ, 9 ਦਸੰਬਰ (ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ੋਨ ਮਹਿਣਾ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਉਮੀਦਵਾਰ ਛਿੰਦਰਪਾਲ ਸਿੰਘ ਦੁਸਾਂਝ ਤੇ ਜ਼ੋਨ ਤਲਵੰਡੀ ਭੰਗੇਰੀਆ ਦੇ ਬਲਾਕ ਸੰਮਤੀ ਦੇ ਮੈਂਬਰ ਦੀ ਸੀਟ ਤੋਂ ਚੋਣ ਲੜ ਰਹੇ ਨੱਥਾ ਸਿੰਘ ਤਲਵੰਡੀ ਭੰਗੇਰੀਆ ਦੇ ਹੱਕ 'ਚ ਤਲਵੰਡੀ ਭੰਗੇਰੀਆ ਵਿਖੇ ਲੋਕਾਂ ਦਾ ਵੱਡਾ ਇਕੱਠ ਹੋਇਆ ਜਿਸ ਨੂੰ ਸੰਬੋਧਨ ਕਰਦਿਆਂ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ 'ਆਪ' ਪਾਰਟੀ ਦੀ ਸਰਕਾਰ ਨੇ ਸੂਬੇ ਵਿਚ 4 ਸਾਲ ਸਰਕਾਰ ਹੋਣ ਦੇ ਬਾਵਜੂਦ ਸਿਵਾਏ ਝੂਠ ਬੋਲਣ ਦੇ ਕੁਝ ਨਹੀਂ ਕੀਤਾ | ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਤੇ ਇਨ੍ਹਾਂ ਨੇ ਝੂਠ ਬੋਲ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਕੇ ਸਰਕਾਰ ਬਣਾਈ ਹੈ | ਇਸ ਮੌਕੇ ਛਿੰਦਰਪਾਲ ਸਿੰਘ ਦੁਸਾਂਝ ਨੇ ਕਿਹਾ ਕਿ ਉਹ ਆਪਣੀ ਧਰਤੀ ਮਾਂ ਤੇ ਆਪਣੇ ਲੋਕਾਂ ਨੂੰ ਬੇਹੱਦ ਪਿਆਰ ਕਰਦੇ ਹਨ | ਇਸੇ ਕਰਕੇ ਕੈਨੇਡਾ ਛੱਡ ਕੇ ਇੱਥੇ ਖੇਤੀਬਾੜੀ ਕਰਕੇ ਕਿਰਤ ਕਮਾਈ ਕਰ ਰਹੇ ਹਨ | ਇਹ ਮੇਰੀ ਪਹਿਲੀ ਚੋਣ ਹੈ ਤੇ ਮੈਨੂੰ ਵੋਟਾਂ ਪਾ ਕੇ ਇਕ ਮੌਕਾ ਜ਼ਰੂਰ ਦਿਓ | ਇਸ ਮੌਕੇ ਸਰਪੰਚ ਬੀਬੀ ਪਰਮਜੀਤ ਕੌਰ, ਯੂਥ ਆਗੂ ਚਰਨਜੀਤ ਸਿੰਘ ਧਾਲੀਵਾਲ, ਮਨਦੀਪ ਸਿੰਘ ਭੁੱਲਰ, ਗੁਰਜੰਟ ਸਿੰਘ ਤਲਵੰਡੀ, ਮੈਂਬਰ ਲਛਮਣ ਸਿੰਘ ਧਾਲੀਵਾਲ, ਗਿਆਨੀ ਅਜਮੇਰ ਸਿੰਘ, ਪੰਚ ਬੱਗਾ ਦੁਸਾਂਝ ਆਦਿ ਹਾਜ਼ਰ ਸਨ |