ਮੋਗਾ, 9 ਦਸੰਬਰ (ਗੁਰਤੇਜ ਸਿੰਘ ਬੱਬੀ)-ਅੱਜ ਬਾਰ ਐਸੋਸੀਏਸ਼ਨ ਮੋਗਾ ਕੋਰਟ ਦੀਆਂ ਮਹਿਲਾ ਵਕੀਲਾਂ ਨੇ ਸੀਨੀਅਰ ਐਡਵੋਕੇਟ ਮੀਨਾ ਸ਼ਰਮਾ ਦੀ ਅਗਵਾਈ 'ਚ ਵਿਸ਼ੇਸ਼ ਇਕੱਤਰਤਾ ਕਰਕੇ ਕੀਤੀ ਗਈ | ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਉਹ ਸਮਰਥਨ ਕਰਦੀਆਂ ਹਨ ਪਰ ਇਹ ਮੁਹਿੰਮ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਅਕਸਰ ਅਜਿਹਾ ਹੁੰਦਾ ਹੈ ਕਿ ਸਰਕਾਰ ਐਨ.ਡੀ.ਪੀ.ਐਸ. ਐਕਟ ਦੇ ਵੱਧ ਤੋਂ ਵੱਧ ਪੁਲਿਸ ਵਲੋਂ ਦਰਜ ਮੁਕੱਦਮਿਆਂ ਦੀ ਗਿਣਤੀ ਵਧਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਪੁਲਿਸ ਆਪਣੀ ਇਸ ਮੁਹਿੰਮ ਵਿਚ ਪੂਰੀ ਤਰ੍ਹਾਂ ਕਾਮਯਾਬ ਹੈ | ਪਰ ਇਸ ਦੇ ਦੂਸਰੇ ਪਹਿਲੂ 'ਤੇ ਗੱਲ ਕੀਤੀ ਜਾਵੇ ਤਾਂ ਪੁਲਿਸ ਕਈ ਵਾਰ ਝੂਠੇ ਪਰਚੇ ਵੀ ਦਰਜ ਕਰ ਦਿੰਦੀ ਹੈ ਜਾਂ ਫਿਰ ਨਸ਼ੇ ਦੇ ਆਦੀ ਨੌਜਵਾਨ ਜਿਹੜੇ ਨਸ਼ੇ ਦਾ ਸੇਵਨ ਕਰਨ ਲਈ ਲੈ ਕੇ ਆਉਂਦੇ ਹਨ, ਉਨ੍ਹਾਂ 'ਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਜਦ ਕਿ ਅਸਲ ਤਸਕਰਾਂ 'ਤੇ ਕਾਰਵਾਈ ਨਹੀਂ ਹੁੰਦੀ ਜਿਸ ਨਾਲ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਨਹੀਂ ਪੈਂਦੀ | ਪਰ ਜੇਕਰ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣਾ ਹੈ ਤਾਂ ਉਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਵਾਉਣੀ ਚਾਹੀਦਾ ਹੈ, ਜਿਹੜੇ ਮੁੱਦੇ ਦੀ ਅਸਲ ਜੜ੍ਹ ਹਨ | ਸੀਨੀਅਰ ਵਕੀਲ ਮੀਨਾ ਸ਼ਰਮਾ ਨੇ ਕਿਹਾ ਕਿ ਅੱਜ ਸਾਡੇ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ | ਉਨ੍ਹਾਂ ਸਮੁੱਚੀ ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਆਪਣਾ ਇਮਾਨਦਾਰੀ ਨਾਲ ਕੰਮ ਕਰੇ ਤਾਂ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਕਿਉਂਕਿ ਇਹ ਇਕ ਜਨਹਿਤ 'ਤੇ ਗੰਭੀਰ ਮੁੱਦਾ ਹੈ | ਇਸ ਮੌਕੇ ਜੋਤੀ ਪੁਰੀ, ਦੀਪਕਾ ਕੌਸਲ, ਦਲਜੀਤ ਕੌਰ ਗਿੱਲ, ਪਵਿੱਤਰ ਕੌਰ ਚਾਹਲ, ਰਮਨਦੀਪ ਕੌਰ, ਕਮਲਦੀਪ ਕੌਰ, ਗਗਨਦੀਪ ਕੌਰ ਆਦਿ ਐਡਵੋਕੇਟ ਹਾਜ਼ਰ ਸਨ |