ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਆਪਣੇ ਵਫ਼ਦ ਨਾਲ ਮਨੁੱਖਤਾ ਵਿਰੋਧੀ ਨੀਤੀਆਂ ਦੇ ਚਰਿੱਤਰ ਨੂੰ ਪੇਸ਼ ਕਰਨ ਵਾਲੀ ਫ਼ਿਲਮ ਧੁਰੰਧਰ ਉੱਪਰ ਰੋਕਣ ਲਗਾਉਣ ਤੇ ਸਹੀ ਕਿਰਦਾਰ ਨੂੰ ਪੇਸ਼ ਕਰਨ ਵਾਲੀ ਫ਼ਿਲਮ ਪੰਜਾਬ 1995 ਨੂੰ ਤੁਰੰਤ ਰਿਲੀਜ਼ ਕਰਨ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫ਼ਿਲਮ ਧੁਰੰਧਰ ਜਿਸ 'ਚ ਜਬਰ ਔਰੰਗਜ਼ੇਬ ਵਰਗੇ ਕਿਰਦਾਰ ਨੂੰ ਉਭਾਰਦੇ ਹੋਏ ਭਾਰਤ ਦੀ ਹਕੂਮਤ ਵਿਚ ਬਤੌਰ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਉਭਾਰਿਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮਿ੍ਤਸਰ ਤੇ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਉਪਰੋਕਤ ਅਜੀਤ ਡੋਬਾਲ ਹੀ ਪੰਜਾਬ ਵਿਚ ਬੀਤੇ ਸਮੇਂ ਵਿਚ ਹੋਏ ਸਿੱਖ ਕਤਲੇਆਮ, ਜਬਰ ਜ਼ੁਲਮ, ਝੂਠੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਸੀ ਤੇ ਉਸ ਨੇ ਬਾਅਦ ਵਿਚ ਗੁਰਦਾਸਪੁਰ ਵਿਖੇ ਐਸ.ਐਸ.ਪੀ. ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਸੰਮਤ ਗੋਇਲ ਨੂੰ ਵੀ ਰਾਅ ਦਾ ਮੁਖੀ ਬਣਾਇਆ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਸਿੱਖ ਨੌਜਵਾਨਾਂ ਦਾ ਵੱਡਾ ਕਤਲੇਆਮ ਸੀ | ਇਸ ਮੌਕੇ ਉਨ੍ਹਾਂ ਪੰਜਾਬ ਵਿਚ ਪਾਬੰਦੀ ਲਗਾਉਣ ਤੇ ਪੰਜਾਬ 1995 ਜੋ ਕਿ ਜਸਵੰਤ ਸਿੰਘ ਖਾਲੜਾ ਦੇ ਮਨੁੱਖਤਾ ਪੱਖੀ ਉੱਦਮ ਤੇ ਜ਼ਿੰਮੇਵਾਰੀਆਂ ਨੂੰ ਦਰਸਾਇਆ ਗਿਆ ਹੈ, ਉਸ ਨੂੰ ਰਿਲੀਜ਼ ਕਰਨ ਦੀ ਵੀ ਮੰਗ ਕੀਤੀ ਗਈ | ਇਸ ਮੌਕੇ ਹਰਪ੍ਰੀਤ ਸਿੰਘ ਯੂਥ ਵਿੰਗ ਪ੍ਰਧਾਨ ਮੋਗਾ, ਸੁਖਦੇਵ ਸਿੰਘ ਲੰਢੇਕੇ, ਰੇਸ਼ਮ ਸਿੰਘ, ਸੋਨੀ ਲੰਢੇਕੇ, ਸੁਖਦੇਵ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਬਲਰਾਜ ਸਿੰਘ ਬਾਦਲ ਜੈਮਲ ਵਾਲਾ ਆਦਿ ਹਾਜ਼ਰ ਸਨ |