ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-2 ਦੀ ਮੀਟਿੰਗ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਦੁੱਨੇਕੇ ਵਿਖੇ ਹੋਈ | ਮੀਟਿੰਗ ਵਿਚ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ | ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਰਾਹੀਂ ਦੇਸ਼ ਦੇ ਪੂਰੇ ਬਿਜਲੀ ਵਿਭਾਗ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ | ਪੰਜਾਬ ਦੀ ਮਾਨ ਸਰਕਾਰ ਵੀ ਚੁੱਪ ਧਾਰੀ ਬੈਠੀ ਹੈ, ਇਸ ਵਿਰੋਧ 'ਚ ਕੁਝ ਵੀ ਨਹੀਂ ਬੋਲੀ | ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ 8 ਦਸੰਬਰ ਨੂੰ ਐਸ.ਡੀ.ਓ. ਦਫ਼ਤਰਾਂ ਮੂਹਰੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਬਲਾਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਫ਼ਾਜ਼ਿਲਕਾ ਵਿਖੇ ਹੜ੍ਹ ਪੀੜਤਾਂ ਨੂੰ ਬੀਜ ਵੰਡ ਕੇ ਆਉਂਦੇ ਸਾਡੇ ਦੋ ਸਾਥੀਆਂ ਵਿਚ ਮੁਕਤਸਰ ਲਾਗੇ ਬੱਸ ਨੇ ਟੱਕਰ ਮਾਰ ਦਿੱਤੀ ਸੀ ਜਿਸ ਵਿਚ ਸਾਡਾ ਇਕ ਸਾਥੀ ਹਰਜੀਤ ਸਿੰਘ ਸ਼ਹੀਦ ਹੋ ਗਿਆ ਸੀ ਤੇ ਇਕ ਸਾਥੀ ਬਲਵੰਤ ਸਿੰਘ ਹਸਪਤਾਲ ਵਿਚ ਅੱਜ ਵੀ ਜੇਰੇ ਇਲਾਜ ਹੈ | ਇਸ ਸਬੰਧ ਵਿਚ ਡੀ.ਸੀ. ਦਫ਼ਤਰ ਮੁਕਤਸਰ ਮੂਹਰੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ | ਸਾਥੀਆਂ ਦੀ ਮੰਗ ਹੈ ਕਿ ਸ਼ਹੀਦ ਸਾਥੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਇਕ ਜੀਅ ਨੂੰ ਨੌਕਰੀ ਅਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਪਰ ਡਿਪਟੀ ਕਮਿਸ਼ਨਰ ਜਥੇਬੰਦੀ ਦੀਆਂ ਮੰਗਾਂ ਮੰਨਣ ਤੋਂ ਲਗਾਤਾਰ ਟਾਲ-ਮਟੋਲ ਕਰ ਰਿਹਾ ਹੈ | ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਉਨ੍ਹਾਂ ਸਾਥੀਆਂ ਦੀ ਮਦਦ ਲਈ ਜਦੋਂ ਵੀ ਮੁਕਤਸਰ ਸਰਕਲ ਦੇ ਸਾਥੀਆਂ ਦਾ ਸੰਘਰਸ਼ ਸਬੰਧੀ ਸੁਨੇਹਾ ਆਵੇਗਾ, ਉਦੋਂ ਹੀ ਬਲਾਕ ਮੋਗਾ-2 ਵਿਚੋਂ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਚੱਲ ਰਹੇ ਪ੍ਰੋਗਰਾਮ ਵਿਚ ਕਿਸਾਨਾਂ ਦੀ ਸ਼ਮੂਲੀਅਤ ਕਰਾਉਣ ਦਾ ਫ਼ੈਸਲਾ ਕੀਤਾ ਹੈ | ਮੀਟਿੰਗ 'ਚ ਜਸਵਿੰਦਰ ਸਿੰਘ ਸ਼ਿੰਦਾ ਘੱਲ ਕਲਾਂ, ਸੁਖਜੀਤ ਸਿੰਘ ਲੰਢੇਕੇ, ਮਹਿੰਦਰ ਸਿੰਘ ਸਿੰਘਾਂਵਾਲਾ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਸਿੰਘਾਂਵਾਲਾ, ਗੁਰਚਰਨ ਸਿੰਘ ਬਰਾੜ ਮੋਗਾ, ਮਨਪ੍ਰੀਤ ਸਿੰਘ ਗਰੇਵਾਲ ਮੋਗਾ, ਇੰਦਰ ਸਿੰਘ ਮੋਗਾ, ਅਵਤਾਰ ਸਿੰਘ, ਰੂਪ ਸਿੰਘ, ਨਿਰਭੈ ਸਿੰਘ ਗੋਧੇਵਾਲਾ ਆਦਿ ਸ਼ਾਮਿਲ ਹੋਏ |