29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ 2 ਸਹਿਯੋਗੀ 5 ਪਿਸਤੌਲਾਂ ਸਮੇਤ ਗਿ੍ਫ਼ਤਾਰ <br/>

ਅਜੀਤ ਡੈਸਕ 03-09-2025
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨਾਂ ਨੂੰ 5 ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਬੱਧਨੀ ਕਲਾਂ (ਮੋਗਾ) ਅਤੇ ਗੁਰਸੇਵਕ ਸਿੰਘ ਉਰਫ਼ ਮੋਟਾ ਵਾਸੀ ਪਿੰਡ ਮਾਣੂੰਕੇ ਸੰਧੂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਹਥਿਆਰਾਂ ਵਿਚ ਚਾਰ .32 ਬੋਰ ਦੇਸੀ ਪਿਸਤੌਲ ਅਤੇ .30 ਬੋਰ ਦੇ ਇਕ ਦੇਸੀ ਪਿਸਤੌਲ ਸਮੇਤ 10 ਮੈਗਜ਼ੀਨ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਬਿਸ਼ਨੋਈ ਗਿਰੋਹ ਨਾਲ ਜੁੜੇ ਹੋਏ ਹਨ ਅਤੇ ਇਸਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਸਰਗਰਮੀ ਨਾਲ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਗਲੇਰੇ-ਪਿਛਲੇਰੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗਿ੍ਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਆਸ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਵਿਸ਼ੇਸ਼ ਖੁਫ਼ੀਆ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਸੀ.ਆਈ.ਏ. ਮਲੋਟ ਵਲੋਂ ਐੱਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਡੀ.ਐੱਸ.ਪੀ. (ਐੱਸ.ਡੀ.) ਲੰਬੀ ਦੀ ਨਿਗਰਾਨੀ ਹੇਠ ਵਿਸ਼ੇਸ਼ ਨਾਕਾ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ, ਜਿਨ੍ਹਾਂ ਕੋਲ ਨੀਲੇ ਰੰਗ ਦਾ ਕਿੱਟ ਬੈਗ ਸੀ, ਨੂੰ ਤਲਾਸ਼ੀ ਲਈ ਰੋਕਿਆ | ਤਲਾਸ਼ੀ ਲੈਣ ਉਪਰੰਤ ਪੁਲਿਸ ਟੀਮਾਂ ਨੇ ਉਕਤ ਕਿੱਟ ਵਿਚੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ | ਐੱਸ.ਐੱਸ.ਪੀ. ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗੁਰਦੀਪ ਸਿੰਘ ਪਿਛਲੇ ਸਮੇਂ ਤੋਂ ਹਰਜੋਤ ਸਿੰਘ ਉਰਫ਼ ਨੀਲਾ ਅਤੇ ਜਗਦੀਪ ਸਿੰਘ ਉਰਫ਼ ਜੱਗਾ, ਜੋ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਹਨ, ਦੇ ਸੰਪਰਕ ਵਿਚ ਸੀ | ਉਨ੍ਹਾਂ ਦੱਸਿਆ ਕਿ ਨੀਲੇ ਦੇ ਨਿਰਦੇਸ਼ਾਂ 'ਤੇ ਗੁਰਸੇਵਕ ਸਿੰਘ ਤੇ ਗੁਰਦੀਪ ਸਿੰਘ ਇੰਦੌਰ ਗਏ, ਜਿੱਥੇ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਪੰਜ ਪਿਸਤੌਲਾਂ ਦੀ ਖੇਪ ਉਪਲਬਧ ਕਰਵਾਈ | ਇਨ੍ਹਾਂ ਵਿਚੋਂ ਦੋ ਪਿਸਤੌਲ ਮੁਲਜ਼ਮਾਂ ਨੇ ਆਪਣੇ ਕੋਲ ਰੱਖਣੇ ਸਨ ਅਤੇ ਬਾਕੀ ਤਿੰਨ ਨੀਲੇ ਨੂੰ ਸਪਲਾਈ ਕੀਤੇ ਜਾਣੇ ਸਨ | ਜ਼ਿਕਰਯੋਗ ਹੈ ਕਿ ਹਰਜੋਤ ਸਿੰਘ ਉਰਫ਼ ਨੀਲਾ ਤੇ ਜਗਦੀਪ ਸਿੰਘ ਉਰਫ਼ ਜੱਗਾ ਲੋੜੀਂਦੇ ਅਪਰਾਧੀ ਹਨ, ਜਿਨ੍ਹਾਂ ਵਿਰੁੱਧ ਵੱਖ-ਵੱਖ ਜ਼ਿਲਿ੍ਹਆਂ ਅਤੇ ਰਾਜਾਂ ਵਿਚ ਕ੍ਰਮਵਾਰ 12 ਤੇ 10 ਮਾਮਲੇ ਦਰਜ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਿ੍ਫ਼ਤਾਰ ਦੋਵੇਂ ਵਿਅਕਤੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੇ ਪੁਲਿਸ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਗਿਰੋਹ ਦੇ ਨੈੱਟਵਰਕ ਤੇ ਅਪਰਾਧਿਕ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਤੋੜਨ ਲਈ ਜਾਂਚ ਅੱਗੇ ਵਧਾਏਗੀ | ਇਸ ਸੰਬੰਧ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕਬਰਵਾਲਾ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ | ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ), ਜਸਪਾਲ ਸਿੰਘ ਧਾਲੀਵਾਲ ਡੀ.ਐੱਸ.ਪੀ. ਲੰਬੀ, ਇੰਸਪੈਕਟਰ ਗੁਰਵਿੰਦਰ ਸਿੰਘ ਐੱਸ.ਐੱਚ.ਓ. ਲੰਬੀ, ਕਰਮਜੀਤ ਕੌਰ ਐੱਸ.ਐੱਚ.ਓ. ਕਬਰਵਾਲਾ, ਕੁਲਬੀਰ ਚੰਦ ਇੰਚਾਰਜ ਸੀ.ਆਈ.ਏ. ਸਟਾਫ਼ ਮਲੋਟ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਸੜਕ 'ਤੇ ਵਿਚਕਾਰ ਸੀਵਰੇਜ ਦਾ ਢੱਕਣ ਖੁੱਲ੍ਹਣ ਕਾਰਨ ਹਾਦਸੇ ਦਾ ਡਰ <br/> ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।