29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮੁਹਾਲੀ ਦੀ ਸਰਕਾਰੀ ਸੰਸਥਾ ਨੇ ਪਹਿਲਾ ਸਫ਼ਲ ਲਿਵਰ ਟਰਾਂਸਪਲਾਂਟ ਕਰ ਕੇ ਰਚਿਆ ਇਤਿਹਾਸ-ਡਾ. ਬਲਬੀਰ ਸਿੰਘ <br/>

ਅਜੀਤ ਡੈਸਕ 10-12-2025
ਐੱਸ. ਏ. ਐੱਸ. ਨਗਰ, 9 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟਰਸ਼ਰੀ ਸਿਹਤ ਸੇਵਾਵਾਂ ਦੇ ਖੇਤਰ 'ਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਵਿਖੇ ਪਹਿਲੀ ਸਫ਼ਲ ਲਿਵਰ ਟਰਾਂਸਪਲਾਂਟ ਸਰਜਰੀ ਕਰਕੇ ਇਤਿਹਾਸ ਰਚਿਆ ਹੈ | ਮੰਗਲਵਾਰ ਨੂੰ ਟਰਾਂਸਪਲਾਂਟ ਵਾਲੇ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾ ਵਿਚ ਇੰਨੀ ਜਟਿਲ ਅਤੇ ਸੰਵੇਦਨਸ਼ੀਲ ਸਰਜਰੀ ਸਫ਼ਲਤਾਪੂਰਵਕ ਕੀਤੀ ਗਈ ਹੈ | ਇਸ ਮੌਕੇ ਉਨ੍ਹਾਂ ਨਾਲ ਸਿਹਤ ਵਿਭਾਗ ਦੇ ਪਿ੍ੰ. ਸਕੱਤਰ ਕੁਮਾਰ ਰਾਹੁਲ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਇਹ ਜ਼ਿੰਦਗੀ ਬਚਾਉਣ ਵਾਲਾ ਇਲਾਜ ਪ੍ਰਣਾਲੀ ਮਰੀਜ਼ ਨੂੰ ਕਰੀਬ 12 ਲੱਖ ਰੁਪਏ ਵਿਚ ਮੁਹੱਈਆ ਕਰਵਾਈ ਗਈ ਹੈ, ਜਦਕਿ ਨਿੱਜੀ ਹਸਪਤਾਲਾਂ ਵਿਚ ਇਹ ਇਲਾਜ 45 ਤੋਂ 50 ਲੱਖ ਤੱਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਹ ਸਰਜਰੀ 27 ਨਵੰਬਰ ਕੀਤੀ ਗਈ ਸੀ ਅਤੇ ਹੁਣ ਮਰੀਜ਼ ਬਿਲਕੁੱਲ ਤੰਦਰੁਸਤ ਹੈ ਅਤੇ ਉਸ ਨੂੰ ਅਗਲੇ ਇਕ-ਦੋ ਦਿਨਾਂ 'ਚ ਛੁੱਟੀ ਮਿਲਣ ਦੀ ਉਮੀਦ ਹੈ | ਸਿਹਤ ਮੰਤਰੀ ਨੇ ਸੰਸਥਾ ਦੇ ਡਾਇਰੈਕਟਰ ਅਤੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵੀਰੇਂਦਰ ਸਿੰਘ ਅਤੇ ਲਿਵਰ ਟਰਾਂਸਪਲਾਂਟ ਅਤੇ ਹੈਪਾਟੋਬਿਲੀਅਰੀ ਸਰਜਰੀ ਵਿਭਾਗ ਦੇ ਪ੍ਰੋ. ਅਤੇ ਮੁਖੀ ਡਾ. ਕੇ. ਰਾਜਸ਼ੇਖਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੂੰ ਵਧਾਈ ਦਿੰਦਿਆਂ ਇਸ ਸਫ਼ਲਤਾ ਨੂੰ ਸੰਸਥਾ ਲਈ ਵੱਡਾ ਮੀਲ ਪੱਥਰ ਕਰਾਰ ਦਿੱਤਾ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਗਲੇ ਸਾਲ ਤੱਕ ਪੰਜਾਬ ਦੀ ਅਜਿਹੀ ਪਹਿਲੀ ਸਰਕਾਰੀ ਸੰਸਥਾ ਬਣ ਜਾਵੇਗੀ, ਜਿਥੇ ਕਿ ਗੁਰਦਾ ਟਰਾਂਸਪਲਾਂਟ ਦੀ ਸਹੂਲਤ ਉਪਲੱਬਧ ਹੋਵੇਗੀ | ਇਸ ਤੋਂ ਇਲਾਵਾ ਜਲਦ ਹੀ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਅੰਗ ਪ੍ਰਾਪਤੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ | ਅੰਗ ਦਾਨ ਲਈ ਅਪੀਲ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇਸ਼ ਵਿਚ ਨੌਵੇਂ ਸਥਾਨ 'ਤੇ ਹੈ, ਜਿਥੇ ਕਿ 20,000 ਤੋਂ ਵੱਧ ਅੰਗਦਾਤਾ ਰਜਿਸਟਰਡ ਹਨ ਅਤੇ ਪੰਜਾਬ ਜਲਦ ਹੀ ਦੇਸ਼ ਦੇ ਸਿਖ਼ਰਲੇ ਰਾਜਾਂ ਵਿਚ ਸ਼ੁਮਾਰ ਹੋਵੇਗਾ |

ਪਿਛਲੀ ਖ਼ਬਰ ਡੇਰਾਬੱਸੀ ਦਾ ਰੇਲਵੇ ਫਾਟਕ ਦੋ ਦਿਨਾਂ ਲਈ ਰਹੇਗਾ ਬੰਦ ਅਗਲੀ ਖ਼ਬਰ ਪੁਲਿਸ ਵਲੋਂ ਗੋਆ ਕਲੱਬ ਦੇ ਮਾਲਕਾਂ ਵਿਰੱਧ ਲੁਕ ਆਊਟ ਸਰਕੂਲਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।