ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਇਕ ਵਾਰ ਫਿਰ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਤੋਂ 1.2 ਅਰਬ ਅਮਰੀਕੀ ਡਾਲਰ (ਲਗਭਗ 10,782 ਕਰੋੜ ਰੁਪਏ) ਦਾ ਕਰਜ਼ਾ ਮਿਲਿਆ ਹੈ | ਇਸ 'ਚ 1 ਅਰਬ ਡਾਲਰ ਦਾ ਕਰਜ਼ਾ ਅਤੇ ਜਲਵਾਯੂ ਪ੍ਰੋਗਰਾਮ ਅਧੀਨ 20 ਕਰੋੜ ਡਾਲਰ ਦੀ ਸਹਾਇਤਾ ਸ਼ਾਮਿਲ ਹੈ | ਇਹ ਫੰਡਿੰਗ ਸਾਲ 2024 'ਚ ਪ੍ਰਾਪਤ ਹੋਏ ਬੇਲਆਉਟ ਪ੍ਰੋਗਰਾਮ ਦਾ ਹਿੱਸਾ ਹੈ, ਜੋ ਕਿ 37 ਮਹੀਨਿਆਂ ਤੱਕ ਚੱਲੇਗਾ | ਕੁੱਲ 7 ਅਰਬ ਡਾਲਰ ਕਿਸ਼ਤਾਂ 'ਚ ਵੰਡੇ ਜਾਣੇ ਹਨ | ਇਹ ਤੀਜੀ ਕਿਸ਼ਤ ਹੈ, ਜੋ ਪਿਛਲੀ ਦੂਜੀ ਕਿਸ਼ਤ ਦੀ ਸਮੀਖਿਆ ਤੋਂ ਬਾਅਦ ਮਨਜ਼ੂਰ ਕੀਤੀ ਗਈ ਹੈ | ਹਾਲਾਂਕਿ, ਭਾਰਤ ਨੇ ਪਾਕਿ ਦੇ ਆਈ. ਐੱਮ. ਐੱਫ. ਕਰਜ਼ੇ ਦਾ ਵਿਰੋਧ ਕਰਦਿਆਂ ਚਿੰਤਾ ਪ੍ਰਗਟ ਕੀਤੀ ਸੀ ਕਿ ਗੁਆਂਢੀ ਦੇਸ਼ ਦੇ ਇਤਿਹਾਸ ਨੂੰ ਵੇਖਦੇ ਹੋਏ ਪਾਕਿ ਕਰਜ਼ੇ ਦੀ ਵਰਤੋਂ ਅੱਤਵਾਦ ਨੂੰ ਵਧਾਉਣ ਲਈ ਕਰੇਗਾ |