ਮੂਣਕ (ਸੰਗਰੂਰ), 9 ਦਸੰਬਰ (ਕੇਵਲ ਸਿੰਗਲਾ)-ਹੜ੍ਹ ਅਤੇ ਭਾਰੀ ਬਾਰਿਸ਼ ਤੋਂ ਪ੍ਰਭਾਵਿਤ ਝੋਨੇ ਦੀ ਗੁਣਵੱਤਾ ਦੀ ਮੁਸ਼ਕਲ ਨਾਲ ਜੂਝ ਰਹੇ ਸੂਬੇ ਦੇ ਚੌਲ ਮਿੱਲ ਮਾਲਕ ਕੇਂਦਰ ਸਰਕਾਰ ਦੀਆਂ ਸਖ਼ਤ ਨੀਤੀਆਂ ਕਾਰਨ ਭਾਰੀ ਸੰਕਟ 'ਚੋਂ ਗੁਜ਼ਰ ਰਹੇ ਹਨ | ਸੂਬੇ 'ਚ ਇਸ ਸਾਲ 156 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਜਿਸ ਦਾ 104 ਲੱਖ ਟਨ ਚੌਲ ਮਿੱਲ ਮਾਲਕਾਂ ਨੇ ਐਫ.ਸੀ.ਆਈ. ਨੂੰ ਡਲੀਵਰ ਕਰਨਾ ਹੈ ਜਿਸ ਵਿਚੋਂ 80 ਲੱਖ ਟਨ ਚਾਵਲ ਕੇਂਦਰ ਸਰਕਾਰ ਦੀਆਂ ਨੀਤੀਆਂ ਅਨੁਸਾਰ ਫੋਰਟੀਫਾਇਡ ਚੌਲ ਨਾਲ ਮਿਕਸਡ ਚੌਲ ਐਫ.ਸੀ.ਆਈ. ਨੂੰ ਡਲੀਵਰ ਕਰਨਾ ਹੈ ਪਰ ਕੇਂਦਰ ਸਰਕਾਰ ਵਲੋਂ ਫੋਰਟੀਫਾਇਡ ਵਾਲੇ ਮਿਆਰੀ ਚੌਲ ਸਪਲਾਈ ਕਰਨ ਤੋਂ ਪਹਿਲਾਂ ਗੁਣਵੱਤਾ ਦੀ ਜਾਂਚ ਦੇ ਫ਼ੈਸਲੇ ਕਾਰਨ ਫੋਰਟੀਫਾਇਡ ਦੀ ਸਪਲਾਈ 'ਚ ਹੋ ਰਹੀ ਦੇਰੀ ਕਾਰਨ ਸੂਬੇ ਦੀਆਂ ਚੌਲ ਮਿੱਲਾਂ ਦਾ ਕੰਮ ਬੰਦ ਪਿਆ ਹੈ | ਚੌਲ ਮਿੱਲ ਮਾਲਕਾਂ ਅਨੁਸਾਰ 104 ਲੱਖ ਟਨ ਤੋਂ ਤਕਰੀਬਨ 25 ਲੱਖ ਟਨ ਫੋਰਟੀਫਾਇਡ (ਐਫ.ਆਰ.ਕੇ) ਤੋਂ ਵਗੈਰ ਚੌਲ ਐਫ.ਸੀ.ਆਈ. ਨੂੰ ਡਲੀਵਰ ਕਰਨਾ ਹੈ ਸੋ ਜਦੋਂ ਤੱਕ ਫੋਰਟੀਫਾਇਡ ਚੌਲਾਂ ਦੀ ਜਾਂਚ ਅਤੇ ਮਿੱਲ ਤੱਕ ਡਲਿਵਰੀ ਦੇ ਪ੍ਰਬੰਧ ਮੁਕੰਮਲ ਨਹੀਂ ਹੋ ਜਾਂਦੇ ਉਦੋਂ ਤੱਕ ਨਾਨ ਫਰਟੀਫਾਇਡ ਚੌਲਾਂ ਦੀ ਡਲਿਵਰੀ ਸ਼ੁਰੂ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ | ਚੌਲਾਂ ਦੀ ਡਲਿਵਰੀ 'ਚ ਹੋ ਰਹੀ ਦੇਰੀ ਕਾਰਨ ਕੇਂਦਰ ਸਰਕਾਰ ਵਲੋਂ ਮਿੱਥੇ ਸਮੇਂ ਤੱਕ ਚੌਲਾਂ ਦੀ ਐਫ਼.ਸੀ.ਆਈ. ਨੂੰ ਡਲਿਵਰੀ ਕਰਨੀ ਮੁਸ਼ਕਲ ਹੋ ਜਾਵੇਗੀ ਅਤੇ ਇਸ ਤੋਂ ਇਲਾਵਾ ਮਿੱਲ 'ਚ ਸਟੋਰ ਕੀਤੇ ਝੋਨੇ ਦੀ ਗੁਣਵੱਤਾ ਖ਼ਰਾਬ ਹੋਣ ਦਾ ਡਰ ਹੈ | ਇਸ ਤੋਂ ਇਲਾਵਾ ਹੁਣ ਚੌਲ ਮਿੱਲਾਂ ਬੰਦ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਮਿੱਲਾਂ ਛੱਡ ਕੇ ਜਾਣੇ ਸ਼ੁਰੂ ਹੋ ਗਏ ਹਨ ਸੋ ਮਿੱਲ ਮਾਲਕਾਂ ਲਈ ਮਜ਼ਦੂਰਾਂ ਦੀ ਘਾਟ ਦੀ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ | ਮਿੱਲ ਮਾਲਕਾਂ ਤੇ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ੳੁੱਤਰ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਦੇ ਮਿੱਲ ਮਾਲਕਾਂ ਨੂੰ ਪਹਿਲਾਂ ਨਾਨ ਫਰਟੀਫਾਇਡ ਚੌਲਾਂ ਦੀ ਡਲਿਵਰੀ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ | ਇਸ ਤੋਂ ਇਲਾਵਾ ਐਫ਼.ਸੀ.ਆਈ ਨੂੰ ਡਲੀਵਰ ਕੀਤੇ ਚੌਲਾਂ 'ਚ ਚਾਕੀ ਦਾਣੇ ਦੀ ਮਾਤਰਾ 5 ਫ਼ੀਸਦੀ ਤੋਂ ਵੱਧ ਹੋਣ ਤੇ ਚੌਲਾਂ ਦੇ ਨਮੂਨੇ ਫ਼ੇਲ੍ਹ ਹੋਣ ਤੇ ਵੀ ਚੌਲ ਮਿੱਲ ਮਾਲਕਾਂ 'ਚ ਮਾਯੂਸੀ ਪਾਈ ਜਾ ਰਹੀ ਹੈ |