ਅੰਮਿ੍ਤਸਰ, 8 ਦਸੰਬਰ (ਸੁਰਿੰਦਰ ਕੋਛੜ)-ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪਾਈਟੈਕਸ ਵਰਗੇ ਸਮਾਗਮਾਂ ਦੇ ਨਿਯਮਤ ਅਤੇ ਸੁਚਾਰੂ ਢੰਗ ਨਾਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਅੰਮਿ੍ਤਸਰ 'ਚ ਕਨਵੈੱਨਸ਼ਨ ਸੈਂਟਰ ਬਣਾਉਣ ਨੂੰ ਲੈ ਕੇ ਕੀਤੀ ਜਾ ਰਹੀ ਮੰਗ ਦਾ ਸਮਰਥਨ ਕੀਤਾ ਹੈ | ਸਾਹਨੀ ਨੇ ਕਿਹਾ ਕਿ ਅੰਮਿ੍ਤਸਰ 'ਚ ਵੱਡੇ ਸਮਾਗਮਾਂ ਲਈ ਵੱਖਰੀ ਜਗ੍ਹਾ ਦੀ ਪਛਾਣ ਕਰਨਾ ਸਮੇਂ ਦੀ ਲੋੜ ਹੈ ਅਤੇ ਉਹ ਇਸ ਬਾਰੇ ਨਿੱਜੀ ਤੌਰ 'ਤੇ ਪੰਜਾਬ ਸਰਕਾਰ ਨਾਲ ਚਰਚਾ ਕਰਨਗੇ | ਅੰਮਿ੍ਤਸਰ 'ਚ ਚੱਲ 19ਵੇਂ ਪਾਈਟੈਕਸ 'ਚ ਪਹੁੰਚੇ ਸਾਹਨੀ ਨੇ ਇੱਥੇ ਭਾਗ ਲੈਣ ਵਾਲੇ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਸਾਹਨੀ ਦਾ ਸਵਾਗਤ ਕਰਦੇ ਹੋਏ ਚੈਂਬਰ ਦੇ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਚੈਂਬਰ ਪੰਜਾਬ ਦੇ ਸਟਾਰਟਅੱਪਸ, ਮਹਿਲਾ ਉੱਦਮੀਆਂ ਅਤੇ ਪੰਜਾਬ ਨਾਲ ਜੁੜੇ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪਲੇਟਫ਼ਾਰਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ | ਡਿਪਟੀ ਸਕੱਤਰ ਜਨਰਲ ਨਵੀਨ ਸੇਠ ਨੇ ਦੱਸਿਆ ਕਿ ਪਾਈਟੈਕਸ ਦੌਰਾਨ ਰਾਜ ਸਭਾ ਮੈਂਬਰ ਵਲੋਂ ਬੈੱਸਟ ਇਨੋਵੇਸ਼ਨ ਸਟਾਲ ਅਵਾਰਡ ਲੌਂਗ ਲਾਚੀ, ਬੈੱਸਟ ਆਊਟਡੋਰ ਡਿਸਪਲੇਅ ਆਈ. ਜੇ. ਐੱਮ. ਸਟਾਰ ਮਰਸੀਡੀਜ਼, ਬੈੱਸਟ ਫੁਟਫਾਲ ਟਾਟਾ ਨਾਵਲਟੀ ਸੀਅਰਾ ਸਮੇਤ ਕਈ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੈਂਬਰ ਦੇ ਖੇਤਰੀ ਕੋਆਰਡੀਨੇਟਰ ਜੈਦੀਪ ਸਿੰਘ, ਫ਼ੈਸ਼ਨ ਟੈਕਸ ਟੈਕ ਫੋਰਮ ਦੀ ਰੀਜਨਲ ਚੇਅਰ ਹਿਮਾਨੀ ਅਰੋੜਾ ਆਦਿ ਵੀ ਹਾਜ਼ਰ ਸਨ |
ਰਾਜ ਸਭਾ ਮੈਂਬਰ ਸਾਹਨੀ ਵਲੋਂ ਪੀ.ਐਚ.ਡੀ. ਚੈਂਬਰ ਦੀ ਮੰਗ ਦਾ ਸਮਰਥਨ <br/>
ਅਜੀਤ ਡੈਸਕ
09-12-2025