ਸਿੰਗਲ ਬੈਂਚ ਦੇ ਸਾਹਮਣੇ ਅੱਜ ਹੋਵੇਗੀ ਸੁਣਵਾਈ
ਅੰਮਿ੍ਤਸਰ, 4 ਦਸੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਾਕਿ ਪਹੁੰਚਣ ਉਪਰੰਤ ਉੱਥੋਂ ਫ਼ਰਾਰ ਹੋ ਕੇ ਸ਼ੇਖ਼ੂਪੁਰਾ ਦੇ ਤਿੰਨ ਬੱਚਿਆਂ ਦੇ ਪਿਤਾ ਨਾਸਿਰ ਹੁਸੈਨ ਨਾਲ ਨਿਕਾਹ ਅਤੇ ਧਰਮ ਪਰਿਵਰਤਨ ਕਰਨ ਵਾਲੀ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਵਿਰੁੱਧ ਲਾਹੌਰ ਹਾਈ ਕੋਰਟ 'ਚ ਅੱਜ ਇਕ ਵਾਰ ਫਿਰ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ | ਜਿਸ 'ਚ ਉਸ 'ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ, ਨਿਰੋਲ ਧਾਰਮਿਕ ਤੀਰਥ ਯਾਤਰਾ ਦੀ ਦੁਰਵਰਤੋਂ ਕਰਨ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਫ਼ਰਾਰ ਹੋਣ ਅਤੇ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਪਾਕਿ 'ਚ ਰਹਿਣ ਦਾ ਦੋਸ਼ ਲਗਾਇਆ ਗਿਆ ਹੈ | ਪਹਿਲਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਤੋਂ ਬਾਅਦ ਦੁਬਾਰਾ ਪੇਸ਼ ਕੀਤੀ ਗਈ ਪਟੀਸ਼ਨ ਨੂੰ ਲਾਹੌਰ ਹਾਈ ਕੋਰਟ ਨੇ 5 ਦਸੰਬਰ ਨੂੰ ਇਕ ਸਿੰਗਲ ਬੈਂਚ ਦੇ ਸਾਹਮਣੇ ਸੁਣਵਾਈ ਲਈ ਨਿਰਧਾਰਿਤ ਕੀਤਾ ਹੈ | ਇਹ ਪਟੀਸ਼ਨ ਲਹਿੰਦੇ ਪੰਜਾਬ ਦੇ ਸਾਬਕਾ ਐੱਮ. ਪੀ. ਏ. ਅਤੇ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਸਾਬਕਾ ਸੰਸਦੀ ਸਕੱਤਰ ਸ: ਮਹਿੰਦਰਪਾਲ ਸਿੰਘ ਨੇ ਆਪਣੇ ਵਕੀਲ ਅਲੀ ਚੰਗੇਜ਼ੀ ਸੰਧੂ ਰਾਹੀਂ ਦਾਇਰ ਕੀਤੀ ਹੈ |
ਸਰਬਜੀਤ ਕੌਰ ਵਲੋਂ ਵੀਜ਼ਾ ਉਲੰਘਣਾ ਤੇ ਓਵਰਸਟੇਅ ਨੂੰ ਲੈ ਕੇ ਲਾਹੌਰ ਹਾਈ ਕੋਰਟ 'ਚ ਮੁੜ ਪਟੀਸ਼ਨ ਦਾਇਰ <br/>
ਅਜੀਤ ਡੈਸਕ
05-12-2025