ਬੀਜਾਪੁਰ (ਛੱਤੀਸਗੜ੍ਹ), 4 ਦਸੰਬਰ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਕਰਮਚਾਰੀਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਛੇ ਹੋਰ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਨਾਲ ਗੋਲੀਬਾਰੀ ਵਿਚ ਮਾਰੇ ਗਏ ਨਕਸਲੀਆਂ ਦੀ ਗਿਣਤੀ 18 ਹੋ ਗਈ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਗਭਗ 12 ਘੰਟੇ ਤੱਕ ਚੱਲੀ ਗੋਲੀਬਾਰੀ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ | ਇਲਾਕੇ 'ਚ ਤਲਾਸ਼ੀ ਦੌਰਾਨ ਵੀਰਵਾਰ ਸਵੇਰ ਤੱਕ ਛੇ ਹੋਰ ਲਾਸ਼ਾਂ ਮਿਲੀਆਂ | ਇਸ ਦੇ ਨਾਲ ਹੀ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀ ਗਿਣਤੀ 18 ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਲਾਕੇ 'ਚ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ | ਉਨ੍ਹਾਂ ਦੱਸਿਆ ਕਿ ਦਾਂਤੇਵਾੜਾ ਅਤੇ ਬੀਜਾਪੁਰ ਦੇ ਡੀ.ਆਰ.ਜੀ ਦੇ ਜਵਾਨਾਂ, ਵਿਸ਼ੇਸ਼ ਟਾਸਕ ਫੋਰਸ, ਰਾਜ ਪੁਲਿਸ ਦੀਆਂ ਦੋਵੇਂ ਇਕਾਈਆਂ ਅਤੇ ਕੋਬਰਾ ਕਮਾਂਡੋ ਦੇ ਜਵਾਨਾਂ ਨੇ ਇਹ ਕਾਰਵਾਈ ਪੱਛਮੀ ਬਸਤਰ ਡਿਵੀਜ਼ਨ ਅਤੇ ਪੀ.ਐਲ.ਜੀ.ਏ ਕੰਪਨੀ ਨੰਬਰ 2 ਦੇ ਨਕਸਲੀਆਂ ਦੀ ਇਲਾਕੇ ਵਿਚ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ 'ਤੇ ਸ਼ੁਰੂ ਕੀਤੀ ਸੀ |