ਗੁਰੂ ਰਵਿਦਾਸ ਦੇ ਜਨਮ ਦਿਵਸ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਸੰਬੰਧੀ ਬਨਾਰਸ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ | ਉਨ੍ਹਾਂ ਵਲੋਂ ਇਹ ਸੱਦਾ ਅੱਜ ਭਾਜਪਾ ਆਗੂ ਤਰੁਣ ਚੁੱਘ ਤੇ ਵਿਜੇ ਸਾਂਪਲਾ ਸਮੇਤ ਹੋਰਨਾਂ ਆਗੂਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਇਕ ਮੁਲਾਕਾਤ ਦੌਰਾਨ ਦਿੱਤਾ ਗਿਆ | ਇਸ ਮੌਕੇ ਸੰਤ ਨਿਰੰਜਣ ਦਾਸ ਨੇ ਕਿਹਾ ਕਿ ਹਰ ਸਾਲ ਰਵਿਦਾਸ ਭਾਈਚਾਰੇ ਵਲੋਂ ਗੁਰੂ ਰਵਿਦਾਸ ਦਾ ਜਨਮ ਦਿਵਸ ਬਨਾਰਸ (ਕਾਂਸ਼ੀ) ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਮਾਗਮ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਸ਼ਾਮਿਲ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਡੇਰਾ ਸਚਖੰਡ ਬੱਲਾਂ ਦੀ ਅਗਵਾਈ ਹੇਠ ਵੀ ਸੰਗਤ ਦਾ ਵੱਡਾ ਕਾਫਲਾ ਜਲੰਧਰ ਤੋਂ ਇਕ ਵਿਸ਼ੇਸ਼ ਰੇਲ ਗੱਡੀ ਰਾਹੀਂ ਬਨਾਰਸ ਵਿਖੇ ਕਰਵਾਏ ਜਾਂਦੇ ਸਮਾਗਮਾਂ 'ਚ ਸ਼ਾਮਿਲ ਹੁੰਦਾ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਡੇਰਾ ਬੱਲਾਂ ਵਿਖੇ ਆਉਣ ਦਾ ਵੀ ਸੱਦਾ ਦਿੱਤਾ | ਇਸ ਮੌਕੇ ਉਨ੍ਹਾਂ ਦੇ ਨਾਲ ਸੰਤ ਮਨਦੀਪ ਦਾਸ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਭਾਜਪਾ ਆਗੂ ਮਨਜੀਤ ਬਾਲੀ, ਸ੍ਰੀ ਧਰਮਪਾਲ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ |
ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ <br/>
ਅਜੀਤ ਡੈਸਕ
05-12-2025