ਮੱਥਾ ਟੇਕ ਕੇ ਸ਼ਬਦ ਕੀਰਤਨ ਕੀਤਾ ਸਰਵਨ
ਅੰਮਿ੍ਤਸਰ, 4 ਦਸੰਬਰ (ਜਸਵੰਤ ਸਿੰਘ ਜੱਸ)-ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਚਾਨਕ ਗੁਰੂ ਘਰ ਪੁੱਜੇ ਡੇਰਾ ਮੁਖੀ ਨੇ ਪਰਿਕਰਮਾ ਕਰਨ ਉਪ੍ਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕਰੀਬ ਅੱਧਾ ਘੰਟਾ ਧੁਰ ਕੀ ਬਾਣੀ ਦਾ ਸ਼ਬਦ ਕੀਰਤਨ ਵੀ ਸਰਵਨ ਕੀਤਾ | ਪਰਿਕਰਮਾ ਕਰਦਿਆਂ ਡੇਰਾ ਮੁਖੀ ਨੇ ਸੰਗਤਾਂ ਨੂੰ ਹੱਥ ਜੋੜ ਕੇ ਫਤਹਿ ਦਾ ਜਵਾਬ ਵੀ ਦਿੱਤਾ | ਇਸੇ ਸਾਲ ਜੂਨ ਮਹੀਨੇ ਦਰਸ਼ਨ ਕਰਨ ਤੋਂ ਬਾਅਦ ਅੱਜ ਦੂਜੀ ਵਾਰ ਨਤਮਸਤਕ ਹੋਣ ਪੁੱਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਵਾਰ ਵੀ ਮੀਡੀਆ ਨਾਲ ਦੂਰੀ ਬਣਾਈ ਰੱਖੀ ਪਰ ਘੰਟਾ ਘਰ ਪਲਾਜ਼ਾ ਵਿਖੇ ਕੁਝ ਪੱਤਰਕਾਰਾਂ ਨਾਲ ਸੰਖੇਪ ਵਿਚ ਗੈਰਰਸਮੀ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਤ ਹੋਰ ਸਿੱੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਪੂਰਾ ਹਿੰਦੁਸਤਾਨ ਕਦੇ ਵੀ ਨਹੀਂ ਭੁਲਾ ਸਕਦਾ | ਘੰਟਾ ਘਰ ਪਲਾਜ਼ਾ ਵਿਖੇ ਡੇਰਾ ਬਿਆਸ ਮੁਖੀ ਦੇ ਕਈ ਸ਼ਰਧਾਲੂ ਵੀ ਪੁੱਜੇ ਹੋਏ ਸਨ |
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋੋਏ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
ਅਜੀਤ ਡੈਸਕ
05-12-2025