ਚੰਡੀਗੜ੍ਹ, 3 ਦਸੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਇਕ ਵਫ਼ਦ ਵਲੋਂ 'ਰਾਜ ਚੋਣ ਕਮਿਸ਼ਨ' ਨੂੰ ਮਿਲ ਕੇ ਸੂਬੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ ਇਕ ਚੋਣ ਨਿਸ਼ਾਨ ਰਾਖਵਾਂ ਰੱਖਣ ਦੀ ਮੰਗ ਕੀਤੀ | ਇਸ ਮੌਕੇ ਵਫ਼ਦ ਵਿਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰ ਵਰਕਿੰਗ ਕਮੇਟੀ ਮਨਜੀਤ ਸਿੰਘ ਮੁੱਦੋ (ਸਾਬਕਾ ਚੇਅਰਮੈਨ), ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਦੇਵ ਸਿੰਘ ਹਰਪਾਲਪੁਰ ਅਤੇ ਕਮਲਦੀਪ ਕੰਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸੂਬੇ ਵਿਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪੂਰੀ ਤਿਆਰੀ ਨਾਲ ਲੜ ਰਿਹਾ ਹੈ | ਜਿਸ ਸੰਬੰਧੀ 'ਰਾਜ ਚੋਣ ਕਮਿਸ਼ਨ' ਨਾਲ ਮੁਲਾਕਾਤ ਕਰਕੇ ਸਾਰੇ ਉਮੀਦਵਾਰਾਂ ਲਈ ਇਕ ਚੋਣ ਨਿਸ਼ਾਨ ਅਲਾਟ ਕਰਨ ਦੀ ਮੰਗ ਰੱਖੀ | ਇਸ ਮੌਕੇ ਪੁਨਰ ਸੁਰਜੀਤ ਦੇ ਮੈਂਬਰਾਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਲਈ ਦਾਅਵਾ ਕੀਤਾ ਹੋਇਆ ਹੈ, ਜਿਸ ਸੰਬੰਧੀ ਪ੍ਰਕਿਰਿਆ ਚੱਲ ਰਹੀ ਹੈ | ਉਨ੍ਹਾਂ ਆਖਿਆ ਕਿ ਦੋਵਾਂ ਪਾਰਟੀਆਂ ਵਿਚ ਚੋਣ ਨਿਸ਼ਾਨ ਦਾ ਕੋਈ ਨਿਬੇੜਾ ਨਾ ਹੋਣ ਕਰਕੇ ਚੋਣ ਕਮਿਸ਼ਨ ਵਲੋਂ ਵਕਤੀ ਤੌਰ 'ਤੇ ਚੋਣ ਨਿਸ਼ਾਨ ਮੁਹੱਈਆ ਕਰਵਾਇਆ ਜਾਵੇ | ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਕਾਨੂੰਨ ਅਤੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਚੋਣ ਨਿਸ਼ਾਨ ਰਾਖਵਾਂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ |
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਵਫ਼ਦ 'ਰਾਜ ਚੋਣ ਕਮਿਸ਼ਨਰ' ਨੂੰ ਮਿਲਿਆ <br/>
ਅਜੀਤ ਡੈਸਕ
04-12-2025