ਜਲੰਧਰ, 3 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਆਪਣੀ ਹੀ 6 ਮਹੀਨੇ ਦੀ ਬੱਚੀ ਨਾਲ ਜਬਰ ਜਨਾਹ ਕਰਕੇ ਉਸ ਦੀ ਗਲਾ ਦਬਾ ਕੇ ਹੱਤਿਆ ਕਰਨ ਵਾਲੇ ਬਿਹਾਰ ਨਿਵਾਸੀ ਕਲਯੁਗੀ ਪਿਤਾ ਨੂੰ ਮੌਤ ਤੱਕ ਉਮਰ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਏ.ਡੀ.ਏ. ਨਿਖਿਲ ਨਾਹਰ ਨੇ ਦੱਸਿਆ ਕਿ ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖ਼ਿਲਾਫ਼ 25 ਅਕਤੂਬਰ 2022 ਨੂੰ ਥਾਣਾ ਸਦਰ ਵਿਖੇ ਕਤਲ ਅਤੇ ਪੋਕਸੋ ਐਕਟ ਦੀ ਧਾਰਾ ਹੇਠ ਮਾਮਲਾ ਦਰਜ ਕੀਤਾ ਗਿਆ ਸੀ | ਅਦਾਲਤ ਨੇ ਦੋਸ਼ੀ ਨੂੰ ਇਸ ਬਹੁਤ ਹੀ ਮਾੜੇ ਕੰਮ ਲਈ ਕਤਲ ਦੀ ਧਾਰਾ 302 'ਚ ਉਮਰ ਕੈਦ ਅਤੇ 50 ਹਜ਼ਾਰ ਰੁਪਏ ਅਤੇ ਪੋਕਸੋ ਐਕਟ ਦੀ ਧਾਰਾ 'ਚ ਮੌਤ ਤੱਕ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ਦੋਸ਼ੀ ਚਾਹੁੰਦਾ ਸੀ ਕਿ ਉਸ ਘਰ ਮੁੰਡਾ ਹੋਵੇ ਪਰ ਵਿਆਹ ਤੋਂ 2 ਸਾਲ ਬਾਅਦ ਕੁੜੀ ਹੋਣ ਤੋਂ ਉਹ ਗ਼ੁੱਸੇ 'ਚ ਸੀ ਤੇ ਉਹ ਲੜਕੀ ਨੂੰ ਪਸੰਦ ਨਹੀਂ ਕਰਦਾ ਸੀ ਤੇ ਉਹ ਦੀਵਾਲੀ ਵਾਲੇ ਦਿਨ 22 ਅਕਤੂਬਰ 2022 ਨੂੰ ਉਹ ਆਪਣੀ ਪਤਨੀ ਅਤੇ ਬੱਚੀ ਨੂੰ ਲੈ ਕੇ ਆਪਣੇ ਚਾਚੇ ਘਰ ਆ ਗਿਆ ਤੇ ਮੋਟਰ 'ਤੇ ਬੱਚੀ ਨੂੰ ਲਿਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ | ਅੱਜ ਇਸੇ ਮਾਮਲੇ 'ਚ ਹੀ ਅਦਾਲਤ ਨੇ ਦੋਸ਼ੀ ਨੂੰ ਮਰਨ ਤੱਕ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |