ਬਠਿੰਡਾ, 3 ਦਸੰਬਰ (ਸੱਤਪਾਲ ਸਿੰਘ ਸਿਵੀਆਂ)-'ਇੰਸਟਾ ਕਿਊਨ' ਅਤੇ 'ਥਾਰ ਵਾਲੀ ਬੀਬੀ' ਵਜੋਂ ਮਸ਼ਹੂਰ ਪੰਜਾਬ ਪੁਲਿਸ ਦੀ ਬਰਖ਼ਾਸਤ ਸੀਨੀਅਰ ਸਿਪਾਹੀ ਅਮਨਦੀਪ ਕੌਰ 'ਤੇ ਵਿਜੀਲੈਂਸ ਵਲੋਂ ਦਰਜ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ | ਇਸ ਮਾਮਲੇ 'ਚ ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਜੇਲੋਂ੍ਹ ਬਾਹਰ ਆਈ ਹੈ | ਇਸ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਬਿਉਰੋ ਬਠਿੰਡਾ ਦੇ ਇਕ ਉੱਚ-ਅਧਿਕਾਰੀ ਨੇ ਦੱਸਿਆ ਕਿ ਬਿਉਰੋ ਵਲੋਂ ਉਕਤ ਮਾਮਲੇ ਵਿਚ ਅੰਤਿਮ ਚਲਾਣ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਦੀ ਸੁਣਵਾਈ ਦੌਰਾਨ ਬਠਿੰਡਾ ਅਦਾਲਤ ਨੇ ਅਮਨਦੀਪ ਕੌਰ ਵਿਰੁੱਧ ਦੋਸ਼ ਤੈਅ (ਚਾਰਜ ਫਰੇਮ) ਕਰ ਦਿੱਤੇ ਹਨ ਤੇ ਉਸ ਵਿਰੁੱਧ ਦਰਜ ਕੇਸ ਹੁਣ ਅਗਲੀ ਅਦਾਲਤੀ ਕਾਰਵਾਈ ਵੱਲ ਵਧੇਗਾ | ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਜਨਵਰੀ 2026 ਰੱਖੀ ਹੈ | ਇਸ ਤੋਂ ਇਲਾਵਾ ਅਮਨਦੀਪ ਕੌਰ ਆਪਣੇ ਕੁਝ ਦਿਨ ਪਹਿਲਾਂ ਕਰਵਾਏ ਵਿਆਹ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਹੋਈ ਹੈ |
ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਬਰਖ਼ਾਸਤ ਸਿਪਾਹੀ ਅਮਨਦੀਪ ਕੌਰ 'ਤੇ ਦੋਸ਼ ਤੈਅ <br/>
ਅਜੀਤ ਡੈਸਕ
04-12-2025