02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭੋਗ 'ਤੇ ਵਿਸ਼ੇਸ਼ ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ <br/>

ਅਜੀਤ ਡੈਸਕ 03-09-2025

ਰਾੜਾ ਸਾਹਿਬ-ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਦਾ ਜਨਮ ਲੁਧਿਆਣਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਨਾਮਵਰ ਪਿੰਡ ਮਕਸੂਦੜਾ ਵਿਖੇ ਪਿਤਾ ਉਜਾਗਰ ਸਿੰਘ ਦੇ ਗ੍ਰਹਿ ਮਾਤਾ ਗੁਰਦੇਵ ਕੌਰ ਦੀ ਕੁੱਖੋਂ 15 ਜੁਲਾਈ 1962 ਈ. ਨੂੰ ਹੋਇਆ | 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿਚ ਕੀਤੀ ਅਤੇ ਦਸਵੀਂ ਜਮਾਤ ਘੁਡਾਣੀ ਕਲਾਂ ਦੇ ਸਰਕਾਰੀ ਸਕੂਲ ਵਿਚੋਂ ਪਾਸ ਕੀਤੀ | ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਤੋਂ ਬੀ. ਏ. ਪਾਸ ਕਰਕੇ ਸਰਕਾਰੀ ਕਾਲਜ ਲੁਧਿਆਣਾ ਵਿਚ ਇਕਨਾਮਿਕਸ ਦੀ ਐਮ. ਏ. ਸ਼ੁਰੂ ਕੀਤੀ ਪਰ ਇਕ ਸਾਲ ਪਿੱਛੋਂ ਹੀ 1984 ਈ. ਵਿਚ ਰਾੜਾ ਸਾਹਿਬ ਸੰਤ ਮਹਾਰਾਜ ਦੇ ਚਰਨਾਂ ਵਿਚ ਆ ਹਾਜ਼ਰ ਹੋਏ ਅਤੇ ਮਹਾਂਪੁਰਖਾਂ ਦੇ ਬਚਨ ਮੰਨ ਕੇ ਹਜ਼ੂਰੀ ਕੀਰਤਨੀਏ ਜਥੇ 'ਚ ਸ਼ਾਮਿਲ ਹੋ ਗਏ | 1986 ਨੂੰ ਆਪ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਨਾਲ ਲੰਡਨ ਗਏ | ਜਦੋਂ ਜਥੇਦਾਰ ਬਾਬਾ ਮਹਿੰਦਰ ਸਿੰਘ 1987 ਵਿਚ ਸਿਹਤ ਸੰਬੰਧੀ ਕਾਰਨਾਂ ਕਰਕੇ ਕੀਰਤਨ ਦੀ ਸੇਵਾ ਕਰਨ ਤੋਂ ਅਸਮਰਥ ਹੋ ਗਏ ਤਾਂ ਦੀਵਾਨ ਸਜਾਉਣ ਅਤੇ ਅੰਮਿ੍ਤ ਸੰਚਾਰ ਦੀ ਸੇਵਾ ਆਪ ਨੂੰ ਸੰਭਾਲ ਦਿੱਤੀ ਗਈ | ਸੰਤ ਬਾਬਾ ਤੇਜਾ ਸਿੰਘ ਦੇ ਸੱਚਖੰਡ ਜਾਣ ਤੋਂ ਬਾਅਦ 18 ਦਸੰਬਰ 2014 ਨੂੰ ਅਸਥਾਨ ਦੀ ਸੇਵਾ ਸੰਭਾਲ ਅਤੇ ਸੰਪ੍ਰਦਾਇ ਦੇ ਸੰਚਾਲਨ ਦੀ ਸੇਵਾ ਵੀ ਆਪ ਨੂੰ ਸੌਂਪ ਦਿੱਤੀ ਗਈ | ਆਪ ਨੇ ਪਿੰਡਾਂ ਸ਼ਹਿਰਾਂ, ਦੇਸ਼ਾਂ-ਵਿਦੇਸ਼ਾਂ ਵਿਚ ਜਾ ਕੇ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਅਤੇ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮਿ੍ਤ ਛਕਾ ਕੇ ਗੁਰੂ ਵਾਲੇ ਬਣਾਇਆ | ਆਪ ਨੇ ਕਈ ਸਾਲਾਂ ਦੀ ਮਿਹਨਤ ਦੇ ਸਦਕਾ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਮਗਰੀ ਇੰਟਰਨੈੱਟ 'ਤੇ ਸੰਗਤਾਂ ਲਈ ਉਪਲਬਧ ਕਰਵਾਉਣ ਵਿਚ ਭਰਪੂਰ ਯੋਗਦਾਨ ਪਾਇਆ ਅਤੇ 'ਈਸ਼ਰ ਮੈਕਰੋ ਮੀਡੀਆ' ਤਿਆਰ ਕੀਤਾ, ਜਿਸ ਰਾਂਹੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ, ਭਾਈ ਗੁਰਦਾਸ ਤੇ ਭਾਈ ਨੰਦ ਲਾਲ ਦੀ ਬਾਣੀ, ਗੁਰਪ੍ਰਤਾਪ ਸੂਰਜ ਗ੍ਰੰਥ, ਮਹਾਨ ਕੋਸ਼ ਅਤੇ ਹੋਰ ਸਿੱਖ ਧਰਮ ਦੇ ਕੀਮਤੀ ਸਾਹਿਤਕ ਗ੍ਰੰਥਾਂ ਦਾ ਅਤਿ ਆਧੁਨਿਕ ਅਤੇ ਕੀਮਤੀ ਖਜਾਨਾ ਸਿੱਖ ਪੰਥ ਨੂੰ ਸੌਂਪਿਆ | ਸੰਤ ਬਾਬਾ ਈਸ਼ਰ ਸਿੰਘ ਦੀ 50ਵੀਂ ਬਰਸੀ ਸਮਾਗਮ ਦੇ ਦੂਜੇ ਦਿਨ 25 ਅਗਸਤ ਦਿਨ ਸੋਮਵਾਰ ਨੂੰ ਰਾਤ ਕਰੀਬ 1 ਵਜੇ ਪੰਥਕ ਸਫ਼ਾਂ ਵਿਚ ਅਥਾਹ ਸੇਵਾ ਨਿਭਾਉਣ ਵਾਲੇ ਸੰਤ ਬਾਬਾ ਬਲਜਿੰਦਰ ਸਿੰਘ ਅਚਾਨਕ ਅਕਾਲ ਪੁਰਖ ਵਲੋਂ ਬਖਸ਼ਿਸ਼ ਕੀਤੀ ਸੁਆਸਾਂ ਦੀ ਪੂੰਜੀ ਨੂੰ ਸੰਪੂਰਨ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਜਾ ਬਿਰਾਜੇ | 4 ਅਗਸਤ (ਬੁੱਧਵਾਰ) ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ 11:30 ਵਜੇ ਮਹਾਂਪੁਰਸ਼ਾਂ ਨਮਿਤ ਆਰੰਭ ਕੀਤੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ, ਜਿਸ ਦੀ ਸਮਾਪਤੀ 3 ਵਜੇ ਹੋਵੇਗੀ |
—ਸੁਖਵੀਰ ਸਿੰਘ ਚਣਕੋਈਆਂ/ ਪ੍ਰੀਤਮ ਸਿੰਘ ਮੁਕੰਦਪੁਰੀ

ਪਿਛਲੀ ਖ਼ਬਰ 5 ਨੂੰ ਰਿਲੀਜ਼ ਹੋ ਰਹੀ 'ਮਿਹਰ' ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ਕਿਸੇ 'ਤੇ ਨਿਰਭਰ ਨਾ ਹ... ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਲਈ ਰਾਜ ਸਰਕਾਰ ਜ਼ਿੰਮੇਵਾਰ-ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।