02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਹਿਲਾਂ ਬਿਆਸ ਨੇ ਕੀਤਾ ਤਬਾਹ ਤੇ ਹੁਣ ਸਤਲੁਜ ਦਰਿਆ ਚੜ੍ਹ ਆਇਆ

ਅਜੀਤ ਡੈਸਕ 03-09-2025

ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ 3 ਲੱਖ ਕਿਊਸਿਕ ਤੋਂ ਟੱਪਿਆ-ਲੋਕਾਂ 'ਚ ਖ਼ੌਫ਼
<br/>
ਹਰੀਕੇ ਪੱਤਣ, 2 ਸਤੰਬਰ (ਸੰਜੀਵ ਕੁੰਦਰਾ)-ਪੰਜਾਬ ਦੇ ਨਾਲ ਪਹਾੜੀ ਸੂਬਿਆਂ 'ਚ ਮੀਂਹਾਂ ਦਾ ਕਹਿਰ ਜਾਰੀ ਹੈ, ਜਿਸ ਕਾਰਨ ਦਰਿਆਵਾਂ ਅਤੇ ਡੈਮਾਂ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜ ਚੁੱਕਾ ਹੈ | ਪਹਿਲਾਂ ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਦਰਿਆ ਦੇ ਪਾਣੀ ਨੇ ਪੰਜਾਬ ਨੂੰ ਹੜ੍ਹਾਂ ਵਿਚ ਡੋਬ ਦਿੱਤਾ ਤੇ ਹੁਣ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਵੀ ਚੜ੍ਹ ਕੇ ਆ ਗਿਆ ਹੈ | ਭਾਖੜਾ ਡੈਮ ਤੋਂ ਛੱਡੇ ਗਏ 1 ਲੱਖ 14 ਹਜ਼ਾਰ ਕਿਊਸਿਕ ਪਾਣੀ ਦੇ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ ਦੇ ਰਸਤੇ ਹਰੀਕੇ ਹੈੱਡ ਵਰਕਸ 'ਚ ਪਹੁੰਚਣ 'ਤੇ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵੱਧ ਕੇ 3 ਲੱਖ ਕਿਊਸਿਕ ਤੋਂ ਵੱਧ ਹੋ ਗਿਆ | ਜ਼ਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ 4 ਅਗਸਤ ਤੋਂ ਵੱਧਣਾ ਸ਼ੁਰੂ ਹੋ ਗਿਆ ਸੀ ਅਤੇ ਲਗਾਤਾਰ ਵੱਧੇ ਪਾਣੀ ਨੇ ਹਰੀਕੇ ਹਥਾੜ ਖੇਤਰ ਨੂੰ ਤਹਿਸ ਨਹਿਸ ਕਰ ਦਿੱਤਾ ਹੈ | ਲਗਭਗ 1 ਮਹੀਨੇ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਹਥਾੜ ਖੇਤਰ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੈ | ਫਸਲਾਂ ਦਾ ਨਾਮੋ ਨਿਸ਼ਾਨ ਮਿਟ ਚੁੱਕਾ ਹੈ, ਘਰ ਪਾਣੀ 'ਚ ਡੁੱਬ ਚੁੱਕੇ ਹਨ | ਹੜ੍ਹ ਪ੍ਰਭਾਵਿਤ ਪਰਿਵਾਰ ਬੰਨ੍ਹਾਂ 'ਤੇ ਤੰਬੂ ਲਗਾ ਕੇ ਬੈਠਣ ਲਈ ਮਜ਼ਬੂਰ ਹਨ | ਹਰੀਕੇ ਹਥਾੜ ਖੇਤਰ ਦੀ ਬਦਕਿਸਮਤੀ ਇਹ ਹੈ ਕਿ ਚਾਹੇ ਪੌਂਗ ਡੈਮ ਅਤੇ ਚਾਹੇ ਭਾਖੜਾ ਡੈਮ ਤੋਂ ਛੱਡਿਆ ਪਾਣੀ ਹੋਵੇ ਹਰੀਕੇ ਹੈੱਡ ਵਰਕਸ ਵਿਚ ਹੀ ਆਉਂਦਾ ਹੈ ਅਤੇ ਇਸ ਦੇ ਨਾਲ ਪੰਜਾਬ ਵਿਚ ਹੋ ਰਹੀ ਜ਼ੋਰਦਾਰ ਬਾਰਿਸ਼ ਦਾ ਪਾਣੀ ਵੀ ਹਰੀਕੇ ਹੈੱਡ ਵਰਕਸ ਵਿਚ ਹੀ ਪੁੱਜਦਾ ਹੈ, ਜੋ ਭਿਆਨਕ ਤਬਾਹੀ ਦਾ ਕਾਰਨ ਬਣਦਾ ਹੈ | ਹਰੀਕੇ ਹਥਾੜ ਖੇਤਰ ਦੇ ਲੋਕ ਜੋ ਕਿ ਪਹਿਲਾਂ ਵੀ ਕਈ ਵਾਰ ਹੜ੍ਹਾਂ ਦੀ ਮਾਰ ਝੱਲ ਚੁੱਕੇ ਹਨ, ਪਰੰਤੂ ਇਸ ਵਾਰ ਹੜ੍ਹਾਂ ਦੀ ਮਾਰ ਨੇ ਲੋਕਾਂ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ |
ਹੋਰ ਪਾਣੀ ਦੀ ਆਮਦ ਹੋਵੇਗੀ
ਹਰੀਕੇ ਹੈੱਡ ਵਰਕਸ ਵਿਭਾਗ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 4 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ 3 ਲੱਖ 1 ਹਜ਼ਾਰ 221 ਕਿਊਸਿਕ ਪਾਣੀ ਦੀ ਆਮਦ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 84 ਹਜ਼ਾਰ 350 ਕਿਊਸਿਕ ਛੱਡਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਰਸਤੇ ਅੱਜ ਰਾਤ ਹੋਰ ਪਾਣੀ ਦੀ ਆਮਦ ਹੋਵਗੀ, ਜਿਸ ਕਾਰਨ ਪਾਣੀ ਦਾ ਪੱਧਰ ਹੋਰ ਵੱਧਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਅਮਨ ਅਰੋੜਾ ਤੇ ਬਰਿੰਦਰ ਗੋਇਲ ਵਲੋਂ ਘੱਗਰ ਨਾਲ ਲਗਦੇ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਨਵਾਂਗਾਓਾ ਕੈਬ ਡਰਾਈਵਰ ਅਗਵਾ ਤੇ ਹੱਤਿਆ ਮਾਮਲੇ 'ਚ ਜੈਸ਼-ਏ-ਮੁਹੰਮਦ ਮਾਡਿਊਲ ਦਾ ਪਰਦਾਫਾਸ਼-ਤਿੰਨ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।