ਫ਼ਰੀਦਕੋਟ, 9 ਦਸੰਬਰ (ਸਰਬਜੀਤ ਸਿੰਘ)-ਡੈਮੋਕਰੈਟਿਕ ਟੀਚਰ ਫ਼ਰੰਟ ਫ਼ਰੀਦਕੋਟ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੱਘ ਸੁੱਖੀ ਤੇ ਜਨਰਲ ਸਕੱਤਰ ਗਗਨ ਪਾਹਵਾ ਦੀ ਅਗਵਾਈ 'ਚ ਅਧਿਆਪਕਾਂ ਦਾ ਵਫ਼ਦ ਬੀ.ਐਲ.ਓ ਦੀਆਂ ਦੋਹਰੀਆਂ ਡਿਊਟੀਆਂ ਤੇ ਛੋਟ ਦਿੱਤੀਆਂ ਸ਼੍ਰੇਣੀਆਂ ਦੀਆਂ ਡਿਊਟੀਆਂ ਕਟਵਾਉਣ ਦੇ ਸਿਲਸਿਲੇ 'ਚ ਗੱਲਬਾਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਸੰਦੀਪ ਮਲਹੋਤਰਾ ਨੂੰ ਮਿਲਿਆ | ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਬੀ.ਐਲ.ਓ. ਦੀਆਂ ਦੋਹਰੀਆਂ ਡਿਊਟੀਆਂ ਕੱਟੀਆਂ ਜਾਣ ਤੇ ਅੰਗਹੀਣ, ਵਿਧਵਾ ਤੇ ਗੰਭੀਰ ਬਿਮਾਰੀਆਂ (ਕ੍ਰਾਨਿਕ ਡਿਸੀਜ਼) ਵਾਲੇ ਕਰਮਚਾਰੀਆਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਜਾਵੇ | ਇਸ ਤੋਂ ਇਲਾਵਾ ਡੀ.ਟੀ.ਐੱਫ. ਪੰਜਾਬ ਦੇ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਵਿਰੁੱਧ ਆਰ.ਓ. ਨਿਹਾਲ ਸਿੰਘ ਵਾਲਾ ਵਲੋਂ ਜਾਰੀ ਕੀਤੇ ਪੱਤਰ ਨੂੰ ਤੁਰੰਤ ਬਿਨ੍ਹਾਂ ਸ਼ਰਤ ਵਾਪਸ ਲੈਣ ਦੀ ਮੰਗ ਦਾ ਮੰਗ ਪੱਤਰ ਵੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ | ਇਨ੍ਹਾਂ ਮੰਗਾਂ ਉਪਰ ਪ੍ਰਤੀਕਿਰਿਆ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ | ਇਸ ਤੋਂ ਇਲਾਵਾ ਜਦੋਂ ਵਫਦ ਵਲੋਂ ਵਧੀਕ ਡਿਪਟੀ ਕਮਿਸ਼ਨਰ ਨਾਲ ਪੋਲਿੰਗ ਪਾਰਟੀਆਂ ਦੇ ਖਾਣੇ ਅਤੇ ਰਿਹਾਇਸ਼ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਇਸ ਸੰਬੰਧ ਵਿਚ ਸਰਕਾਰ ਪਾਸੋਂ ਕੋਈ ਵੀ ਪੈਸਾ ਪ੍ਰਾਪਤ ਨਹੀਂ ਹੋਇਆ ਹੈ ਤੇ ਉਨ੍ਹਾਂ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੀ ਪੋਲਿੰਗ ਸਟਾਫ਼ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ ਜਾ ਰਿਹਾ ਹੈ | ਜਦੋਂ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਦੇ ਨੇੜਲਿਆਂ ਦੀਆਂ ਡਿਊਟੀਆਂ ਕੱਟੇ ਜਾਣ ਦੇ ਸੰਬੰਧ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਿਸਟਮ ਦਾ ਇਕ ਹਿੱਸਾ ਹੈ | ਇਸ ਮੌਕੇ ਜਰਨਲ ਸਕੱਤਰ ਗਗਨ ਪਾਹਵਾ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਸਿੰਘ ਘਣੀਆ, ਮਦਨ ਲਾਲ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |