ਕੋਟਕਪੂਰਾ, 4 ਦਸੰਬਰ (ਮੋਹਰ ਸਿੰਘ ਗਿੱਲ)-ਸੰਯੁਕਤ ਦਿਵਿਆਂਗ ਮੋਰਚਾ ਪੰਜਾਬ ਦੇ ਆਗੂਆਂ ਬਾਬਾ ਹਜ਼ੂਰ ਦਾਸ, ਅੰਗਰੇਜ ਸਿੰਘ ਮੱਲਕੇ, ਜਗਤਾਰ ਸਿੰਘ ਕਲੇਰ ਦੀ ਅਗਵਾਈ ਹੇਠ ਸਥਾਨਕ ਬੱਤੀਆਂ ਵਾਲੇ ਚੌਂਕ ਵਿਚ ਦਿਵਿਆਂਗ ਵਿਅਕਤੀਆਂ ਵਲੋਂ ਆਪਣੀਆ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ | ਅਵਤਾਰ ਸਿੰਘ ਸਹੋਤਾ, ਕੈਪਟਨ ਗੁਰਜੰਟ ਸਿੰਘ, ਜਤਿੰਦਰ ਸਿੰਘ, ਮੋਨੂੰ ਕੁਮਾਰ, ਲੱਕੀ ਮੌਂਗਾ ਆਦਿ ਬੁਲਾਰਿਆਂ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸੱਤਾਧਾਰੀ ਧਿਰ ਵੀ ਦਿਵਿਆਂਗ ਵਿਅਕਤੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਇ ਉਲਟਾ ਉਨ੍ਹਾਂ ਨੂੰ ਜਲੀਲ ਕਰਨ ਵਾਲੇ ਪਾਸੇ ਤੁਰ ਪਈ ਹੈ | ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਅੱਕ ਕੇ ਦਿਵਿਆਂਗ ਵਿਅਕਤੀਆਂ ਨੇ ਆਪੋ-ਆਪਣੇ ਪਰਿਵਾਰਾਂ ਸਮੇਤ ਇਨਕਲਾਬ ਦਾ ਨਾਅਰਾ ਲੈ ਕੇ ਆਈ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ | ਇਸ ਸਰਕਾਰ ਨੂੰ ਬਣਾਉਣ ਵਿਚ ਦਿਵਿਆਂਗ ਪਰਿਵਾਰਾਂ ਨੇ ਅਹਿਮ ਭੂਮਿਕਾ ਨਿਭਾਈ, ਪਰ ਇਸ ਸਰਕਾਰ ਦੀ ਕਾਰਗੁਜ਼ਾਰੀ ਨੇ ਵੀ ਦਿਵਿਆਂਗਾਂ ਨੂੰ ਨਿਰਾਸ਼ ਹੀ ਕੀਤਾ ਹੈ | ਸੰਯੁਕਤ ਦਿਵਿਆਂਗ ਮੋਰਚਾ ਪੰਜਾਬ ਅਧੀਨ ਆਉਂਦੀਆਂ ਅੰਗਹੀਣਾਂ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸੱਤ੍ਹਾਧਾਰੀ ਧਿਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਦਿਵਿਆਂਗ ਵਿਅਕਤੀਆਂ ਦੀਆਂ ਵਾਜਬ ਅਤੇ ਜਾਇਜ਼ ਮੰਗਾਂ ਮੰਨਣ ਦੀ ਬਜਾਇ ਡੰਗਟਪਾਈ ਕੀਤੀ ਜਾ ਰਹੀ ਹੈ |