01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਉਮੀਦਵਾਰੀ ਲਈ ਮੱਠਾ ਰੁਝਾਨ, ਸਿਆਸੀ ਧਿਰਾਂ ਨੂੰ ਕਰਨੀ ਪਈ ਖਾਸੀ ਦੌੜ-ਭੱਜ

ਅਜੀਤ ਡੈਸਕ 05-12-2025
ਮੰਡੀ ਕਿੱਲਿਆਂਵਾਲੀ, 4 ਦਸੰਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਵਿਚ ਪੰਚਾਇਤ ਸੰਮਤੀ ਚੋਣਾਂ ਲਈ ਉਮੀਦਵਾਰੀ ਦਾਖਲ ਕਰਨ ਦੇ ਪਹਿਲੇ ਪੜਾਅ ਵਿਚ ਇਸ ਵਾਰ ਰੁਝਾਨ ਮੱਠਾ ਰਿਹਾ | ਸਿਆਸੀ ਪਾਰਟੀਆਂ ਨੂੰ ਉਮੀਦਵਾਰ ਖੜੇ੍ਹ ਕਰਨ ਲਈ ਕਾਫੀ ਦੌੜ-ਭੱਜ ਕਰਨੀ ਪਈ | ਪੰਚਾਇਤ ਸੰਮਤੀ ਲੰਬੀ ਦੇ 25 ਜ਼ੋਨਾਂ ਲਈ ਕੁੱਲ 113 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ, ਜੋ ਕਿ ਔਸਤ ਕਰੀਬ 4.5 ਫ਼ੀਸਦ ਬਣਦੇ ਹਨ | ਚੋਣਾਂ ਵਿਚ ਹਲਕੇ ਅੰਦਰ ਤਿੰਨ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਸੱਤਾਪੱਖ ਆਪ ਸਰਗਰਮ ਹਨ | ਜਦਕਿ ਬਸਪਾ ਵਲੋਂ ਕੁਝ ਜ਼ੋਨਾਂ 'ਚ ਉਮੀਦਵਾਰ ਡਟਣ ਦੀ ਸੂਚਨਾ ਹੈ | ਇਸ ਸਭ ਦੇ ਬਾਵਜੂਦ ਚੰਗੀ ਗੱਲ ਇਹ ਰਹੀ ਕਿ ਨਾਮਜ਼ਦਗੀ ਪ੍ਰਕਿਰਿਆ ਲਗਪਗ ਗੈਰ-ਵਿਵਾਦਤ ਰਹੀ | ਇਸ ਵਾਰ ਸਿਆਸੀ ਧਿਰਾਂ ਨੂੰ ਚੋਣ ਲੜਨ ਲਈ ਤਿਆਰ ਕੀਤੇ ਉਮੀਦਵਾਰਾਂ ਨੂੰ ਨਾਮਜ਼ਦਗੀ ਤੱਕ ਕਾਇਮ ਰੱਖਣ ਵਿਚ ਸਭ ਤੋਂ ਵੱਡੀ ਪੰਗੇਬਾਜ਼ੀ ਦਿਖਾਈ ਦਿੱਤੀ | ਸੂਤਰਾਂ ਮੁਤਾਬਿਕ ਕਈ ਪਾਰਟੀਆਂ ਵਿਚ ਕਈ ਜ਼ੋਨਾਂ ਵਿਚ ਕਈ ਕਾਰਕੁਨ ਤੇ ਸਥਾਨਕ ਆਗੂ ਆਪਣੀ ਮਰਜੀ ਦੇ ਬਿਨ੍ਹਾਂ ਵੀ ਹਾਈਕਮਾਂਡ ਦੇ ਦਬਾਅ ਹੇਠ 'ਚੋਣ ਚੱਕਰ' ਵਿਚ ਆ ਗਏ | ਇਸ ਦੌਰਾਨ ਕਈ ਕਾਰਕੁੰਨਾਂ ਨੇ ਹਾਈਕਮਾਂਡ ਅੱਗੇ ਆਪਣੀ ਵਫ਼ਾਦਾਰੀ ਦੀ ਡਿਗਰੀ ਹੋਰ ਮਜ਼ਬੂਤ ਕੀਤੀ | ਇਹ ਚੋਣ ਪ੍ਰਕਿਰਿਆ ਪਾਵਰਕਾਮ ਡਿਵੀਜਨ ਬਾਦਲ ਲਈ ਕਾਫੀ ਲਾਹੇਵੰਦ ਰਹੀ | ਉਮੀਦਵਾਰੀ ਸਬੰਧੀ ਐਨਓਸੀ ਪ੍ਰਕਿਰਿਆ ਤਹਿਤ 52 ਜਣੇ ਸਬਡਿਵੀਜਨਾਂ ਕੋਲ ਪੁੱਜੇ, ਜਿਨ੍ਹਾਂ ਤੋਂ ਪਾਵਰਕਾਮ ਨੂੰ ਕੁੱਲ 5.08 ਲੱਖ 581 ਰੁਪਏ ਦੀ ਬਕਾਇਆ ਰਿਕਵਰੀ ਹੋਈ | ਪੰਚਾਇਤ ਸੰਮਤੀ ਲੰਬੀ ਦਫ਼ਤਰ ਤੋਂ 100 ਤੋਂ ਵੱਧ ਐਨਓਸੀ ਜਾਰੀ ਹੋਣ ਦੀ ਸੂਚਨਾ ਹੈ | ਨਾਮਜ਼ਦਗੀ ਪ੍ਰਕਿਰਿਆ ਤਹਿਤ ਸੰਮਤੀ ਦੇ ਜ਼ੋਨ ਥਰਾਜਵਾਲਾ, ਘੁਮਿਆਰਾ, ਤਰਮਾਲਾ ਅਤੇ ਮੋਹਲਾਂ ਲਈ 6-6 ਕਾਗਜ਼ ਦਾਖਲ ਹੋਏ ਹਨ, ਜਦਕਿ ਮਿਠੜੀ ਬੁੱਧਗਿਰ, ਹਾਕੂਵਾਲਾ, ਫਤਿਹਪੁਰ ਮਨੀਆਂ, ਲੰਬੀ ਤੇ ਰਾਣੀਵਾਲਾ ਤੋਂ 5-5 ਨਾਮਜ਼ਦਗੀਆਂ ਆਈਆਂ | ਜ਼ੋਨ ਲਾਲਬਾਈ, ਚਨੂੰ, ਬਾਦਲ, ਕਿੱਲਿਆਂਵਾਲੀ, ਮਹਿਣਾ, ਭੀਟੀਵਾਲਾ, ਸਿੱਖਵਾਲਾ, ਆਧਨੀਆਂ, ਤੱਪਾਖੇੜਾ, ਮਹਿਮੂਦਖੇੜਾ, ਗੁਰੂਸਰ ਜੋਧਾ, ਕੋਲਿਆਂਵਾਲੀ, ਬੁਰਜ ਸਿਧਵਾਂ, ਕਬਰਵਾਲਾ, ਸਰਾਵਾਂ ਬੋਦਲਾ ਅਤੇ ਆਲਮਵਾਲਾ ਤੋਂ ਸਿਰਫ 4-4 ਕਾਗਜ਼ ਦਾਖਲ ਹੋਏ ਹਨ | ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਦੇ ਨਿਗਰਾਨ ਇੰਜੀਨੀਅਰ ਬਾਬੂ ਲਾਲ ਨੇ ਦੱਸਿਆ ਕਿ ਬਾਦਲ ਮੰਡਲ ਹੇਠਲੇ ਬਾਦਲ ਸਬਡਿਵੀਜਨ ਵਿਚ 20 ਐਨਓਸੀ ਅਰਜੀਆਂ ਰਾਹੀਂ 112735 ਰੁਪਏ, ਡੱਬਵਾਲੀ 'ਚ 9 ਅਰਜੀਆਂ ਰਾਹੀਂ 168380 ਰੁਪਏ ਅਤੇ ਲੰਬੀ ਸਬਡਿਵੀਜਨ 'ਚ 23 ਐਨਓਸੀ ਰਾਹੀਂ 227466 ਰੁਪਏ ਬਕਾਇਆ ਸਮੇਤ ਕੁੱਲ 5.08 ਲੱਖ 581 ਰੁਪਏ ਦੀ ਰਿਕਵਰੀ ਹੋਈ ਹੈ | ਮਲੋਟ ਦੇ ਐਸਡੀਐਮ ਜਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈ ਹੈ, ਕੱਲ੍ਹ ਨਾਮਜ਼ਦਗੀ ਕਾਗਜਾਂ ਦੀ ਸਕਰੂਟਨੀ ਅਤੇ ਪਰਸੋਂ ਕਾਗਜ਼ ਵਾਪਸ ਲੈਣ ਦੀ ਆਖ਼ਰੀ ਤਾਰੀਖ ਹੈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਹੋਰ ਆਗੂਆਂ ਨੇ ਭਾਜਪਾ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ <br/> ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਜਲ ਸੈਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।