ਮਲੋਟ, 25 ਨਵੰਬਰ (ਅਜਮੇਰ ਸਿੰਘ ਬਰਾੜ)-ਚਿੱਟੇ ਸੋਨੇ ਦੇ ਨਾਂਅ ਨਾਲ ਜਾਣਿਆ ਜਾਂਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਲਾਕਾ ਸੇਮ ਦੀ ਮਾਰ ਤੋਂ ਬਾਅਦ ਨਰਮੇ ਦੀ ਮੁੱਖ ਫ਼ਸਲ (ਚਿੱਟੇ ਸੋਨੇ) ਤੋਂ ਵਾਂਝਾ ਹੋਇਆ ਜਾਪ ਰਿਹਾ ਹੈ | ਇਸ ਇਲਾਕੇ ਨੇ ਨਰਮੇ ਦੇ ਭਰਪੂਰ ਝਾੜ ਤੇ ਲਗਾਤਾਰ ਕਈ ਸਾਲ ਚੰਗੇ ਬੀਜ ਆਉਣ ਕਰਕੇ ਖ਼ੂਬ ਤਰੱਕੀ ਕੀਤੀ, ਪਰ ਹੁਣ ਕਈ ਸਾਲਾਂ ਤੋਂ ਮਜ਼ਬੂਰੀਵੱਸ ਨਰਮੇ ਦੀ ਫ਼ਸਲ ਘਟਦੀ-ਘਟਦੀ ਕਾਫ਼ੀ ਹੱਦ ਤੱਕ ਘੱਟ ਗਈ ਹੈ, ਕਿਉਂਕਿ ਹਰ ਵਾਰੀ ਕੋਈ ਨਾ ਕੋਈ ਸੁੰਡੀ ਰੂਪੀ ਬਿਮਾਰੀ ਇਸ ਨਰਮੇ ਦੀ ਫ਼ਸਲ ਨੂੰ ਹੜੱਪ ਕਰ ਜਾਂਦੀ ਹੈ ਤੇ ਕਿਸਾਨ ਦੇ ਪੱਲੇ ਨਿਰਾਸ਼ਾ ਤੋਂ ਇਲਾਵਾ ਕੁਝ ਵੀ ਨਹੀਂ ਪੈਂਦਾ | ਇਸ ਵਾਰੀ ਵੀ ਬਹੁਤ ਹੀ ਉਮੀਦਾਂ, ਅਰਮਾਨਾਂ ਤੇ ਚਾਅ ਨਾਲ ਬੀਜੀ ਨਰਮੇ ਦੀ ਫ਼ਸਲ ਨੂੰ ਲਾਲ ਸੁੰਡੀ ਨੇ ਅਜਿਹਾ ਮਧੋਲਿਆ ਕਿ ਝਾੜ ਅੱਧ ਵਾਂਗ ਹੀ ਰਹਿ ਗਿਆ ਤੇ ਕਿਸਾਨ ਸਰਕਾਰ ਤੋਂ ਮੰਗ ਕਰਨ ਲੱਗੇ ਹਨ ਕਿ ਨਰਮੇ ਦਾ ਬੀਜ ਬਿਮਾਰੀਆਂ ਰਹਿਤ ਦਿੱਤਾ ਜਾਵੇ | ਮਲੋਟ ਮੰਡੀ ਵਿਖੇ ਨਰਮਾ ਵੇਚਣ ਆਏ ਕਿਸਾਨਾਂ ਪ੍ਰਕਾਸ਼ ਸਿੰਘ ਬੁਰਜ ਸਿੱਧਵਾਂ, ਰਾਜਵਿੰਦਰ ਸਿੰਘ ਜੰਡਵਾਲਾ ਚੜ੍ਹਤ ਸਿੰਘ ਅਤੇ ਹੋਰ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਇਕੱਲੇ ਝਾੜ ਨੇ ਹੀ ਨਹੀਂ, ਸਗੋਂ ਨਰਮੇ ਦੇ ਘੱਟ ਭਾਅ ਨੇ ਵੀ ਕਿਸਾਨਾਂ ਨੂੰ ਮਾਯੂਸ ਕੀਤਾ ਹੈ | ਕਿਸਾਨਾਂ ਨੇ ਕਿਹਾ ਕਿ ਇਸ ਵਾਰ ਸਰਕਾਰੀ ਖ਼ਰੀਦ ਨਾਮਾਤਰ ਰਹਿਣ ਕਰਕੇ ਤੇ ਪ੍ਰਾਈਵੇਟ ਵਪਾਰੀਆਂ ਵਲੋਂ ਖ਼ਰੀਦ ਕਰਨ ਕਰਕੇ ਵੀ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਕਿਹਾ ਕਿ ਲਗਭਗ ਤਿੰਨ-ਚਾਰ ਕੁਇੰਟਲ ਤੱਕ ਹੀ ਨਰਮੇ ਦਾ ਝਾੜ ਰਿਹਾ ਹੈ ਤੇ ਭਾਅ 6800 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਰਿਹਾ, ਜਦਕਿ ਸਰਕਾਰੀ ਭਾਅ 7860 ਰੁਪਏ ਦਾ ਹੈ | ਇਸ ਸੰਬੰਧੀ ਆੜ੍ਹਤੀਆਂ ਨੇ ਵੀ ਮੰਨਿਆ ਕਿ ਇਸ ਵਾਰੀ ਨਰਮੇ ਦਾ ਝਾੜ ਤੇ ਭਾਅ ਘਟਣ ਕਰਕੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ | ਮਾਰਕੀਟ ਕਮੇਟੀ ਦੇ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਵਾਰ 10,058 ਕੁਇੰਟਲ ਨਰਮੇ ਦੀ ਖ਼ਰੀਦ ਹੋਈ ਹੈ, ਜਿਸ ਵਿਚੋਂ 9813 ਕੁਇੰਟਲ ਖ਼ਰੀਦ ਪ੍ਰਾਈਵੇਟ ਅਦਾਰਿਆਂ ਵਲੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰੀ ਪਿਛਲੇ ਸਾਲ ਨਾਲੋਂ ਨਰਮੇ ਦੀ ਆਮਦ ਘੱਟ ਹੋਈ ਹੈ | ਉਨ੍ਹਾਂ ਕਿਹਾ ਇਸ ਵਾਰ ਕਪਾਹ ਸਿਰਫ਼ 176 ਕੁਇੰਟਲ ਹੀ ਮੰਡੀ ਵਿਚ ਆਈ ਹੈ | ਨਰਮੇ ਦੀ ਸਰਕਾਰੀ ਖ਼ਰੀਦ ਸੰਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀ ਸੰਦੀਪ ਕੁਮਾਰ ਨੇ ਸਪੱਸ਼ਟ ਕੀਤਾ ਕਿ ਇਸ ਸੰਬੰਧੀ ਕਿਸਾਨ ਬੀਜਾਂ ਦਾ ਸਰਟੀਫ਼ਿਕੇਟ, ਜ਼ਮੀਨ ਦੀ ਗਿਰਦਾਵਰੀ, ਆਧਾਰ ਕਾਰਡ ਅਤੇ ਫ਼ੋਟੋ ਆਦਿ ਲੈ ਕੇ ਮਾਰਕੀਟ ਕਮੇਟੀ ਕੋਲੋਂ ਇਸ ਸੰਬੰਧੀ ਸਹਿਮਤੀ ਲਵੇ, ਤਾਂ ਜੋ ਫ਼ੈਕਟਰੀ ਵਿਖੇ ਉਸ ਕਿਸਾਨ ਲਈ ਥਾਂ ਰਾਖਵਾਂ ਰੱਖਿਆ ਜਾ ਸਕੇ | ਪਹਿਲਾਂ ਹੀ ਘੱਟ ਭਾਅ, ਘੱਟ ਝਾੜ ਅਤੇ ਆਪਣੇ ਹੋਰ ਝਮੇਲਿਆਂ ਵਿਚ ਫਸੇ ਕਿਸਾਨ ਕਿਸਾਨ ਨੂੰ ਐਨੇ ਸਾਰੇ ਕਾਗ਼ਜ਼ਾਂ ਦੀ ਸੂਚੀ ਸੁਣ ਕੇ ਹੀ ਘਬਰਾਹਟ ਚੜ੍ਹ ਜਾਂਦੀ ਹੈ, ਇਸ ਲਈ ਉਹ ਪ੍ਰਾਈਵੇਟ ਵਪਾਰੀਆਂ ਨੂੰ ਆਪਣਾ ਨਰਮਾ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਵੇਚਣ ਨੂੰ ਤਰਜ਼ੀਹ ਦਿੰਦੇ ਹਨ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਰਮੇ ਦੀ ਕਾਸ਼ਤ ਵਧਾਉਣ ਲਈ ਕਾਫ਼ੀ ਯਤਨ ਕੀਤੇ, ਪਰ ਮੌਸਮ, ਸੁਧਰੇ ਹੋਏ ਬੀਜ ਨਾ ਮਿਲਣ ਤੇ ਉਪਰੋਂ ਘੱਟ ਭਾਅ ਕਰਕੇ ਕਿਸਾਨ ਦਾ ਇਸ ਫ਼ਸਲ ਨੂੰ ਤਾਂ ਇਸ ਵਾਰ ਬੀਜਣ ਦਾ ਹੌਂਸਲਾ ਹੀ ਨਹੀਂ ਪੈਣਾ | ਇਸ ਲਈ ਨਰਮਾ ਬੀਜਣ ਵਾਲੇ ਕਿਸਾਨਾਂ ਦੀ ਸਾਰ ਲੈਣ ਦੀ ਲੋੜ ਹੈ | ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਲੋੜੀਂਦੇ ਬੀਜ ਮੁਹੱਈਆ ਕਰਵਾਉਣ ਵਿਚ ਸਹਾਇਤਾ ਕਰੇ, ਤਾਂ ਜੋ ਇਸ ਇਲਾਕੇ ਦੀ ਵਿਰਾਸਤੀ ਫ਼ਸਲ ਨਰਮਾ ਖ਼ਤਮ ਹੋਣ ਤੋਂ ਬਚ ਸਕੇ |