ਵਾਤਾਵਰਨ ਪ੍ਰੇਮੀ ਹਰਿਮੰਦਰ ਢਿੱਲੋਂ ਕੈਨੇਡਾ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕਰਵਾਈ 4 ਬੋਰਾਂ ਦੀ ਸੇਵਾ
ਅਜੀਤ ਡੈਸਕ
26-11-2025
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਢਾਈ ਦਹਾਕਿਆਂ ਤੋਂ ਵਾਤਾਵਰਨ ਤੇ ਜਲਵਾਯੂ ਤਬਦੀਲੀ 'ਤੇ ਕੰਮ ਕਰ ਰਹੇ ਹਰਮਿੰਦਰ ਸਿੰਘ ਢਿੱਲੋਂ ਕੈਨੇਡਾ ਸ੍ਰੀ ਮੁਕਤਸਰ ਸਾਹਿਬ ਸਥਿਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਏ | ਉਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਪਣੇ ਪਰਿਵਾਰ ਦੁਆਰਾ ਚਾਰ ਬੋਰ ਕਰਵਾਉਣ ਦੀ ਸੇਵਾ ਕੀਤੀ ਗਈ, ਜਿਸ ਨਾਲ ਸਾਫ਼ ਪਾਣੀ ਧਰਤੀ 'ਚ ਰੀਚਾਰਜ ਹੋ ਸਕੇਗਾ | ਇਸ ਪ੍ਰਾਜੈਕਟ ਨੂੰ ਪੂਰਾ ਕਰਨ 'ਤੇ ਸ਼ੁਰੂਆਤ ਕੀਤੀ ਗਈ, ਜਿਸ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦਾ ਸਾਫ਼ ਮੀਂਹ ਦਾ ਪਾਣੀ ਤੇ ਰੋਜ਼ਾਨਾ ਦਾ ਸਾਫ਼ ਪਾਣੀ ਧਰਤੀ 'ਚ ਰੀਚਾਰਜ ਹੋ ਜਾਵੇਗਾ | ਗੱਲਬਾਤ ਕਰਦਿਆਂ ਹਰਮਿੰਦਰ ਸਿੰਘ ਢਿੱਲੋਂ ਵਾਸੀ ਟੋਰਾਂਟੋ (ਕੈਨੇਡਾ) ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਤਾ ਜੀ ਦੀ ਯਾਦ 'ਚ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਚਾਰ ਬੋਰ ਕਰਵਾਏ ਹਨ ਤਾਂ ਜੋ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਦੀ ਧੁਆਈ ਤੇ ਮੀਂਹ ਦਾ ਪਾਣੀ ਦੁਬਾਰਾ ਤੋਂ ਧਰਤੀ ਵਿਚ ਹੀ ਸਮਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਹਰ ਸਾਲ ਲਗਭਗ ਪੰਜ ਕਰੋੜ ਲੀਟਰ ਪਾਣੀ ਇਨ੍ਹਾਂ ਬੋਰਾਂ ਰਾਹੀਂ ਧਰਤੀ ਵਿਚ ਜਾਵੇਗਾ, ਜਿਸ ਨਾਲ ਭਵਿੱਖ ਵਿਚ ਪਾਣੀ ਦੇ ਸੰਕਟ ਤੋਂ ਛੁਟਕਾਰਾ ਪਾਉਣ 'ਚ ਸਹਿਯੋਗ ਮਿਲੇਗਾ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ, ਯਾਦਗਾਰੀ ਚਿੰਨ੍ਹ ਤੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਭੇਟ ਕੀਤਾ ਗਿਆ ਤੇ ਇਸ ਉਦਮ ਲਈ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਹਰਮਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂਧਾਮ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਖ਼ੁਸ਼ਵਿੰਦਰ ਸਿੰਘ ਬਰਾੜ ਕਾਉਣੀ, ਸ਼ਿਵਚਰਨ ਸਿੰਘ, ਰਜੇਸ਼ ਜਤਿੰਦਰ ਖੁ
ਰਾਣਾ, ਮੈਨੇਜਰ ਨਿਰਮਲਜੀਤ ਸਿੰਘ, ਮੀਤ ਮੈਨੇਜਰ ਸੁਖਦੇਵ ਸਿੰਘ, ਹੈੱਡ ਗ੍ਰੰਥੀ ਜਗਬੀਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਮਨਪ੍ਰੀਤ ਸਿੰਘ ਡੇਰਾ ਕਾਰ ਸੇਵਾ ਦਿੱਲੀ ਅਤੇ ਕੁਲਵੰਤ ਸਿੰਘ ਅਕਾਊਾਟੈਂਟ ਆਦਿ ਹਾਜ਼ਰ ਸਨ |