ਜੈਤੋ, 20 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰਾਮੇਆਣਾ ਦੇ ਸਰੰਪਚ ਜਸਇਕਬਾਲ ਸਿੰਘ ਉਰਫ਼ ਰਾਜਦੀਪ ਔਲਖ ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਫ਼ਰੀਦਕੋਟ ਵਲੋਂ ਪਿੰਡ ਦੀ ਪੰਚਾਇਤੀ ਜਗ੍ਹਾ 'ਤੇ ਆਪਣੇ ਚਹੇਤਿਆਂ ਨੂੰ ਕਬਜ਼ਾ ਕਰਵਾਉਣ ਤੇ ਨਾ ਛੁਡਵਾਉਣ ਨੂੰ ਲੈ ਕੇ ਮੁਅੱਤਲ ਕਰ ਦਿੱਤਾ ਹੈ | ਜਾਰੀ ਮੁਅੱਤਲੀ ਪੱਤਰ 'ਚ ਡੀ.ਡੀ.ਪੀ.ਓ. ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਪੰਜਾਬ ਪੰਚਾਇਤ ਰਾਜ ਐਕਟ 1994 ਦੀ ਧਾਰਾ 20 (4) ਰਾਹੀਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਪੰਚ ਜਸਇਕਬਾਲ ਸਿੰਘ ਔਲਖ ਵਲੋਂ ਪਿੰਡ ਦੀ ਪੰਚਾਇਤੀ ਜਗ੍ਹਾ 'ਤੇ ਆਪਣੇ ਚਹੇਤਿਆਂ ਦੇ ਘਰ ਬਣਾ ਕੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਕਰਵਾਈ ਨਾ ਕਰਨ ਲਈ ਉਸ ਨੂੰ ਮਅੱਤਲ ਕੀਤਾ ਜਾ ਰਿਹਾ ਹੈ | ਜਾਰੀ ਪੱਤਰ 'ਚ ਪੜਤਾਲ ਦੌਰਾਨ ਨਾਜਾਇਜ਼ ਕਾਬਜ਼ਕਾਰਾਂ 'ਚ ਸ਼ਨਾਖ਼ਤੀ ਸੁਖਵੀਰ ਸਿੰਘ ਵਲੋਂ ਜਾਂਚ ਕਰਮਚਾਰੀ ਨੂੰ ਸੌਂਪੇ ਕਥਿਤ ਹਲਫ਼ੀਆ ਬਿਆਨ 'ਚ ਦੱਸਿਆ ਗਿਆ ਹੈ ਕਿ ਉਸ ਵਲੋਂ ਸਰਪੰਚ ਪਾਸੋਂ ਘਰ ਬਣਾਉਣ ਲਈ ਪੰਚਾਇਤੀ ਜਗ੍ਹਾ ਦੀ ਮੰਗ ਕਰਨ 'ਤੇ ਜਗ੍ਹਾ ਦੇਣ ਦਾ ਭਰੋਸਾ ਦਿੱਤਾ ਸੀ | ਸੁਖਵੀਰ ਸਿੰਘ ਮੁਤਾਬਿਕ ਸਰਪੰਚ ਵਲੋਂ ਕਿਹਾ ਗਿਆ ਸੀ | ਜ਼ਮੀਨੀ ਖਸਰਾ ਨੰਬਰ 391 ਲਈ ਮਹਿਕਮੇ ਤੋਂ ਮਨਜ਼ੂਰੀ ਲਈ ਹੈ, ਤੁਸੀਂ ਉੱਥੇ ਮਕਾਨ ਬਣਾ ਸਕਦੇ ਹੋ | ਇਸ ਲਈ ਸਰਪੰਚ ਦੀ ਪੂਰਨ ਸਹਿਮਤੀ ਤੋਂ ਬਾਅਦ ਘਰ ਬਣਾਉਣਾ ਸ਼ੁਰੂ ਕੀਤਾ, ਜੋ ਮੇਰੀ ਨਿੱਜੀ ਮਰਜ਼ੀ ਨਾਲ ਸ਼ੁਰੂ ਨਹੀਂ ਕੀਤਾ ਗਿਆ |