01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਹਿਰ ਦੇ ਕਈ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਹੋਈ ਕਾਰਵਾਈ- ਵਿਸ਼ਾਲ ਵਰਮਾ

ਅਜੀਤ ਡੈਸਕ 30-12-2025
ਪਟਿਆਲਾ, 29 ਦਸੰਬਰ (ਅ.ਸ. ਆਹਲੂਵਾਲੀਆ)-ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਨੂੰ ਖ਼ੂਬਸੂਰਤ ਦਿਖ ਦੇਣ ਅਤੇ ਆਮ ਲੋਕਾਂ ਨੂੰ ਨਾਜਾਇਜ਼ ਕਬਜ਼ਿਆਂ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਤੋਂ ਰਾਹਤ ਦਿਵਾਉਣ ਲਈ ਲਾਹੌਰੀ ਗੇਟ, ਆਰੀਆ ਸਮਾਜ ਅਤੇ ਨਾਭਾ ਗੇਟ ਵਿਖੇ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਗਈ | ਨਗਰ ਨਿਗਮ ਅਧਿਕਾਰੀ ਵਿਸ਼ਾਲ ਵਰਮਾ ਨੇ ਸਪਸ਼ਟ ਕੀਤਾ ਹੈ ਕਿ ਰੇਹੜੀ ਵਾਲਿਆਂ ਦਾ ਲਾਇਸੰਸ ਤੁਰ ਫਿਰ ਕੇ ਵੇਚਣ ਲਈ ਬਣਿਆ ਹੁੰਦਾ ਹੈ ਨਾ ਕਿ ਇਕ ਜਗਾ 'ਤੇ ਪੱਕੇ ਤੌਰ 'ਤੇ ਖੜ੍ਹ ਕੇ ਨਾਜਾਇਜ਼ ਕਬਜ਼ਾ ਕਰਨ ਲਈ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਕਾਰਨ ਸੜਕਾਂ, ਗਲੀਆਂ ਅਤੇ ਸਰਕਾਰੀ ਜਗਾਵਾਂ 'ਤੇ ਆਵਾਜਾਈ 'ਚ ਰੁਕਾਵਟਾਂ ਪੈਦਾ ਹੋ ਰਹੀਆਂ ਸਨ, ਜਿਸ ਨਾਲ ਆਮ ਲੋਕਾਂ ਨੂੰ ਰੋਜਾਨਾ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਅਜਿਹੇ ਕਬਜ਼ਿਆਂ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਈ ਥਾਈ ਰੇੜੀਆਂ ਵਾਲਿਆਂ ਵਲੋਂ ਲੰਮੇ ਸਮੇਂ ਤੋਂ ਨਿਗਮ ਫ਼ੀਸ ਨਾ ਭਰਨ 'ਤੇ ਵੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਕਾਰਵਾਈ ਤਹਿਤ ਖ਼ਾਸ ਤੌਰ 'ਤੇ ਲਾਹੌਰੀ ਗੇਟ ਇਲਾਕੇ 'ਚ ਨਾਜਾਇਜ਼ ਤੌਰ 'ਤੇ ਕੀਤੇ ਗਏ ਕਬਜ਼ੇ ਹਟਾਏ ਗਏ | ਇਹ ਕਾਰਵਾਈ ਸੈਕਟਰੀ ਸੁਰਜੀਤ ਸਿੰਘ ਚੀਮਾ ਅਤੇ ਸੁਪਰਡੈਂਟ ਦਰਪਣ ਕੁਮਾਰ ਦੀ ਰਹਿਨੁਮਾਈ ਹੇਠ ਅਮਲ 'ਚ ਲਿਆਂਦੀ ਗਈ | ਕਾਰਵਾਈ ਦੌਰਾਨ ਨਗਰ ਨਿਗਮ ਟੀਮ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਇਆ, ਤਾਂ ਜੋ ਆਵਾਜਾਈ ਸੁਚੱਜੀ ਬਣ ਸਕੇ ਅਤੇ ਲੋਕਾਂ ਨੂੰ ਰਾਹਤ ਮਿਲੇ | ਇਹ ਕਾਰਵਾਈ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਮੇਅਰ ਤੇ ਨਿਗਮ ਕਮਿਸ਼ਨਰ ਦੇ ਸਪਸ਼ਟ ਹੁਕਮਾਂ ਅਨੁਸਾਰ ਸਹਿਰ ਦੇ ਵੱਖ-ਵੱਖ ਇਲਾਕਿਆਂ 'ਚ ਅਮਲ 'ਚ ਲਿਆਂਦੀ ਗਈ |
ਪਿਛਲੀ ਖ਼ਬਰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ ਅਗਲੀ ਖ਼ਬਰ ਬਨੂੜ ਸਬ-ਤਹਿਸੀਲ ਨੂੰ ਅਪਗ੍ਰੇਡ ਕਰਕੇ ਤਹਿਸੀਲ ਬਣਾਏ ਜਾਣ 'ਤੇ 'ਆਪ' ਵਰਕਰਾਂ ਨੇ ਲੱਡੂ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।