24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਰਵਿਸ ਰੋਡ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸੰਘਰਸ਼ ਕਰਨ ਦਾ ਕੀਤਾ ਐਲਾਨ

ਅਜੀਤ ਡੈਸਕ 29-12-2025
ਬਨੂੜ, 28 ਦਸੰਬਰ (ਭੁਪਿੰਦਰ ਸਿੰਘ)-ਉਸਾਰੀ ਅਧੀਨ ਐਕਸਪ੍ਰੈੱਸ ਹਾਈਵੇਅ ਦੇ ਨਾਲ ਸਰਵਿਸ ਰੋਡ ਬਣਾਉਣ ਲਈ ਕਿਸਾਨਾਂ ਨੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਰੂਪ ਰੇਖਾ ਉਲੀਕਣ ਲਈ 30 ਦਸੰਬਰ ਨੂੰ ਪਿੰਡ ਮਨੌਲੀ ਸੂਰਤ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਦੀ ਤਿਆਰੀ ਸੰਬੰਧੀ ਅੱਧੀ ਦਰਜਨ ਪਿੰਡਾਂ ਵਿਚ ਬੈਠਕਾਂ ਕੀਤੀਆ ਤੇ ਕਿਸਾਨਾਂ ਨੂੰ ਇਕੱਠੇ ਹੋਣ ਦਾ ਹੋਕਾ ਦਿੱਤਾ |
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ, ਅਵਤਾਰ ਸਿੰਘ ਮਨੌਲੀ ਸੂਰਤ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਰਾਜੋਮਾਜਰਾ, ਮਨਜੀਤ ਸਿੰਘ, ਲਾਲਾ ਬੁੱਢਣਪੁਰ, ਰਾਮ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਐੱਨ.ਐੱਚ.ਆਈ. 'ਤੇ ਸੜਕ ਬਣਾ ਰਹੀ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੜਕ ਦੇ ਨਾਲ ਸਰਵਿਸ ਰੋਡ, ਪਾਣੀ ਦੇ ਢੁਕਵੇਂ ਨਿਕਾਸ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ, ਪਰ ਉਨ੍ਹਾਂ ਨੇ ਵਾਅਦੇ ਅਨੁਸਾਰ ਨਾ ਜ਼ਮੀਨਾਂ ਲਈ ਰਸਤੇ ਛੱਡੇ ਹਨ ਅਤੇ ਨਾ ਹੀ ਪਾਣੀ ਦੇ ਢੁਕਵੇਂ ਨਿਕਾਸ ਕੀਤੇ ਹਨ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਜ ਪਿੰਡਾਂ ਰਾਜੋਮਾਜਰਾ, ਮਨੌਲੀ ਸੂਰਤ, ਬੁੱਢਣਪੁਰ, ਛੜਬੜ, ਬਾਸਮਾਂ ਪਿੰਡਾਂ 'ਚ ਕੀਤੀਆਂ ਬੈਠਕਾਂ ਵਿਚ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਸੜਕ ਬਣਨ ਨਾਲ ਉਨ੍ਹਾਂ ਦੀ ਜ਼ਮੀਨਾਂ ਵੰਡੀਆਂ ਗਈਆ ਹਨ ਅਤੇ ਰਸਤੇ ਬੰਦ ਹੋ ਗਏ ਹਨ | ਪਿੰਡ ਬੁੱਢਣਪੁਰ ਤੇ ਝੱਜੋ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਨੇ ਪਾਣੀ ਦੇ ਨਿਕਾਸ ਲਈ ਪਿੰਡਾਂ ਦੇ ਹੇਠਲੇ ਪਾਸੇ ਸੜਕ ਨੂੰ 60 ਮੀਟਰ ਪਿੱਲਰ 'ਤੇ ਬਣਾਉਣ ਦਾ ਭਰੋਸਾ ਦਿੱਤਾ ਸੀ, ਪਰ ਸੜਕ ਬਣਾ ਰਹੀ ਕੰਪਨੀ ਨੇ ਉਸ ਨੂੰ ਵੀ ਵਿਸਾਰ ਦਿੱਤਾ ਹੈ | ਰਸਤੇ, ਪਾਣੀ ਦੇ ਨਿਕਾਸ ਤੋਂ ਇਲਾਵਾ ਰੁਕੇ ਹੋਏ ਮੁਆਵਜ਼ੇ, ਟਿਊਬਵੈੱਲਾਂ ਆਦਿ ਦੇ ਮੁਆਵਜ਼ੇ ਵੀ ਅਜੇ ਤੱਕ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ ਅਤੇ ਕਿਸਾਨ ਸੰਘਰਸ਼ ਕਰਨ ਦੇ ਰੋਹ ਵਿਚ ਹਨ ਅਤੇ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ | ਇਸ ਮੌਕੇ ਦੀਦਾਰ ਸਿੰਘ, ਸਰਪੰਚ ਕਰਨੈਲ ਸਿੰਘ ਝੱਜੋ, ਬਲਬੀਰ ਸਿੰਘ, ਚਰਨ ਸਿੰਘ, ਕੁਲਵਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰ ਮੁੜੀ ਸੰਗਤ ਅਗਲੀ ਖ਼ਬਰ ਪਿੰਡ ਅਲੀਪੁਰ ਵਜ਼ੀਰ ਸਾਹਿਬ ਵਿਖੇ ਸਾਬਕਾ ਮੰਤਰੀ ਲਾਲ ਸਿੰਘ ਵਲੋਂ ਰੱਖਿਆ ਨੀਂਹ ਪੱਥਰ ਤੋੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।