ਪਾਤੜਾਂ, 8 ਦਸੰਬਰ (ਗੁਰਇਕਬਾਲ ਸਿੰਘ ਖ਼ਾਲਸਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਪਾਤੜਾਂ ਦੇ ਬਿਜਲੀ ਗਰਿੱਡ ਦੇ ਬਾਹਰ ਭਰਵਾਂ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮੋਰਚੇ ਵਿਚ ਸ਼ਾਮਿਲ ਸਮੂਹ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਨ੍ਹਾਂ ਦੋਹਾਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ | ਇਸ ਪ੍ਰਦਰਸ਼ਨ 'ਚ ਕਿਸਾਨਾਂ ਸਮੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਕਿਸਾਨ ਮੋਰਚੇ ਦੇ ਆਗੂਆਂ ਹਰਭਜਨ ਸਿੰਘ ਬੁੱਟਰ, ਅਮਰੀਕ ਸਿੰਘ ਘੱਗਾ, ਗੁਰਵਿੰਦਰ ਸਿੰਘ ਦੇਧਨਾ ਅਤੇ ਰਾਮਚੰਦ ਚੁਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿਲ ਰਾਹੀਂ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਕੇ ਕਾਰਪੋਰੇਟ ਦੀ ਅੰਨ੍ਹੀ ਲੁੱਟ ਲਈ ਰਾਹ ਪੱਧਰਾ ਕਰ ਰਹੀ ਹੈ | ਜਦੋਂ ਬਿਜਲੀ ਮਹਿਕਮਾ ਹੋਂਦ 'ਚ ਆਇਆ ਸੀ, ਤਾਂ ਜਨਤਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਬਿਜਲੀ ਦੋ ਸ਼੍ਰੇਣੀਆਂ, ਘਰੇਲੂ ਖਪਤਕਾਰ ਅਤੇ ਮੁਨਾਫ਼ੇ ਲਈ ਬਿਜਲੀ ਵਰਤਣ ਵਾਲੇ ਇਨ੍ਹਾਂ 'ਚ ਵੰਡੀ ਗਈ ਸੀ, ਜਿਸ ਨੂੰ ਸੰਤੁਲਿਤ ਕਰਨ ਲਈ ਕਰਾਸ ਸਬਸਿਡੀ ਚਲਾਈ ਗਈ ਸੀ | ਪਰ ਇਹ ਨਵਾਂ ਬਿਲ ਹਰ ਤਰ੍ਹਾਂ ਦੀ ਸਬਸਿਡੀ ਖ਼ਤਮ ਕਰ ਦੇਵੇਗਾ | ਬਿਜਲੀ ਪੈਦਾਵਾਰ ਖੇਤਰ ਦਾ ਨਿੱਜੀਕਰਨ 2003 'ਚ ਸ਼ੁਰੂ ਹੋਇਆ ਸੀ, ਪਰ ਹੁਣ ਬਿਜਲੀ ਵੰਡ ਦਾ ਖੇਤਰ ਵੀ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਇਸ ਨਾਲ ਪ੍ਰੀਪੇਡ ਸਮਾਰਟ ਚਿੱਪ ਮੀਟਰ ਲਗਾਏ ਜਾਣਗੇ, ਜਿਸ ਨਾਲ ਬਿਜਲੀ ਮਹਿੰਗੇ ਭਾਅ ਦੀ ਮਿਲੇਗੀ ਤੇ ਰੀਚਾਰਜ ਖ਼ਤਮ ਹੋਣ 'ਤੇ ਘਰਾਂ ਦੀ ਬਿਜਲੀ ਕੱਟ ਦਿੱਤੀ ਜਾਵੇਗੀ | ਆਗੂਆਂ ਨੇ ਸੀਡ ਬਿਲ 2025 ਨੂੰ ਸਰਕਾਰ ਦਾ ਦੂਜਾ ਵੱਡਾ ਹੱਲਾ ਦੱਸਦਿਆਂ ਕਿਹਾ ਕਿ ਇਸ ਬਿਲ ਤਹਿਤ ਬਿਨਾਂ ਰਜਿਸਟ੍ਰੇਸ਼ਨ ਤੋਂ ਕੋਈ ਵੀ ਆਮ, ਛੋਟਾ ਜਾਂ ਦਰਮਿਆਨਾ ਵਪਾਰੀ/ਦੁਕਾਨਦਾਰ ਬਰਾਂਡਿਡ ਬੀਜ ਨਹੀਂ ਵੇਚ ਸਕੇਗਾ | ਦੁਨੀਆ ਦੀਆਂ ਪੰਜ-ਛੇ ਵੱਡੀਆਂ ਕੰਪਨੀਆਂ ਪਹਿਲਾਂ ਹੀ ਖੇਤੀ ਖੋਜ, ਬੀਜ ਅਤੇ ਕੀਟਨਾਸ਼ਕਾਂ ਨੂੰ 75 ਫ਼ੀਸਦੀ ਤੱਕ ਕੰਟਰੋਲ ਕਰਦੀਆਂ ਹਨ | ਸਰਕਾਰ ਇਨ੍ਹਾਂ ਕੰਪਨੀਆਂ ਨੂੰ ਲਾਇਸੈਂਸ ਦੇ ਕੇ ਦੇਸ ਦੇ ਖੇਤੀ ਸੈਕਟਰ 'ਤੇ ਕਬਜਾ ਕਰਵਾਉਣ ਦੀ ਡੂੰਘੀ ਸਾਜ਼ਿਸ਼ ਕਰ ਰਹੀ ਹੈ, ਇਹਨਾਂ ਕੰਪਨੀਆਂ ਦੇ ਬੀਜ ਨੂੰ ਬਿਨਾਂ ਕਿਸੇ ਰੋਕ ਟੋਕਦੇ ਮਾਰਕੀਟ 'ਚ ਵੇਚਿਆ ਜਾਵੇਗਾ | ਜਿਸ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ | ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਰਘਵੀਰ ਸਿੰਘ ਘੱਗਾ, ਅਜੀਤ ਸਿੰਘ ਮੌਲਵੀਵਾਲਾ, ਬਲਵਿੰਦਰ ਸਿੰਘ, ਹਰਭਜਨ ਸਿੰਘ ਧੂਹੜ, ਦਲਜਿੰਦਰ ਸਿੰਘ ਹਰਿਆਊ, ਜਸਵਿੰਦਰ ਸਿੰਘ ਬਰਾਸ, ਮਲਕੀਤ ਸਿੰਘ ਨਿਆਲ, ਸੂਬੇਦਾਰ ਨਿਰਾਤਾ ਰਾਮ, ਜਗਜੀਤ ਸਿੰਘ ਦੁਗਾਲ, ਸੁਖਦੇਵ ਸਿੰਘ ਨਿਆਲ, ਸਾਹਿਬ ਸਿੰਘ ਦੁਤਾਲ, ਗੁਰਮੁਖ ਸਿੰਘ ਕਲਵਾਨੂ, ਮਹਿੰਦਰ ਸਿੰਘ ਖਾਂਗ, ਚਰਨਜੀਤ ਕੌਰ, ਅਵਤਾਰ ਸਿੰਘ ਬੁਰੜ ਤੇ ਹਰਦੇਵ ਸਿੰਘ ਘੱਗਾ ਆਦਿ ਹਾਜ਼ਰ ਸਨ |