ਰਾਜਪੁਰਾ, 8 ਦਸੰਬਰ (ਜੀ.ਪੀ. ਸਿੰਘ)-14 ਦਸੰਬਰ ਨੂੰ ਹੋਣ ਵਾਲੀ ਰਾਜਪੁਰਾ ਹਲਕੇ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਇਕ ਸੀਟ ਅਤੇ ਬਲਾਕ ਸੰਮਤੀ ਦੀਆਂ 15 ਸੀਟਾਂ ਲਈ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਅਮਰ ਸਿੰਘ ਤੇ ਬਲਾਕਾਂ ਦੇ ਉਮੀਦਵਾਰਾਂ ਲਈ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹਲਕੇ ਦੇ 6 ਜ਼ੋਨਾਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਹਰ ਪਿੰਡ ਬਲਾਕ ਦੇ ਪਿੰਡਾਂ 'ਚ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਬੈਠਕਾਂ 'ਚ ਹਿੱਸਾ ਲਿਆ | ਇਸ ਦੌਰਾਨ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਰਾਜਪੁਰਾ ਹਲਕੇ ਦੀ ਬਲਾਕ ਸੰਮਤੀ ਨੂੰ ਦੇਸ਼ 'ਚ ਪਹਿਲਾ ਸਥਾਨ ਹੋਇਆ ਸੀ ਤੇ ਪ੍ਰਧਾਨ ਮੰਤਰੀ ਨੇ ਬਲਾਕ ਸੰਮਤੀ ਨੂੰ 25 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਸੀ | ਹੁਣ ਹਲਕੇ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਪੰਚਾਇਤੀ ਚੋਣਾ 'ਚ ਤੇ ਹੁਣ ਬਲਾਕ ਸੰਮਤੀ ਚੋਣਾਂ 'ਚ ਸੱਤਾ ਧਾਰੀਆਂ ਦੇ ਗੁੰਡਿਆਂ ਨੇ ਉਮੀਦਵਾਰਾਂ ਦੇ ਕਾਗ਼ਜ਼ ਤਕ ਖੋਹ ਲਏ ਗਏ | ਅਮਨ ਕਾਨੂੰਨ ਦੀ ਸਥਿਤੀ ਇੰਨੀ ਕੁ ਵਿਗੜ ਚੁੱਕੀ ਹੈ ਕਿ ਰੋਜ਼ਾਨਾ ਸਕੂਟਰ-ਮੋਟਰਸਾਈਕਲ-ਕਾਰਾਂ ਚੋਰੀ ਹੋ ਰਹੀਆਂ ਹਨ | ਝਪਟਮਾਰ ਔਰਤਾਂ ਦੀਆਂ ਬਾਲੀਆਂ, ਚੈਨੀਆਂ ਦੀਆਂ ਸ਼ਰੇਆਮ ਖੋਹ ਕਰ ਰਹੇ ਹਨ | ਘਰਾਂ ਵਿਚ ਚੋਰੀਆਂ ਹੋ ਰਹੀਆਂ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਉਹ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਂਦੇ ਹਨ ਤਾਂ ਇਲਾਕੇ ਦਾ ਪਹਿਲਾਂ ਦੀ ਤਰ੍ਹਾਂ ਵਿਕਾਸ ਕਰਕੇ ਹਲਕੇ ਨੂੰ ਇਕ ਨੰਬਰ 'ਤੇ ਲਿਆਂਦਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਅਮਰ ਸਿੰਘ, ਬਲਾਕ ਸੰਮਤੀ ਦੇ ਉਮੀਦਵਾਰ ਵਕੀਲ ਪ੍ਰੇਮ ਸਿੰਘ, ਬੂਟਾ ਸਿੰਘ ਪਿਲਖਣੀ, ਵਿਨੋਦ ਸ਼ਰਮਾ ਦਮਨਹੇੜੀ, ਗੁਰਚਰਨ ਸਿੰਘ, ਰਾਜ ਸ਼ਰਮਾ, ਪੰਡਿਤ ਬਿੱਧੀ ਚੰਦ, ਸੁਸ਼ੀਲ ਕੁਮਾਰ, ਹਾਕਮ ਸਿੰਘ, ਤਰਸੇਮ ਲਾਲ, ਅਜਮੇਰ ਸਿੰਘ ਨਿੱਕਾ, ਰੱਖਾ ਰਾਮ, ਕਿਰਨ ਸ਼ਰਮਾ, ਸੰਤੋਸ਼ ਸ਼ਰਮਾ, ਊਸ਼ਾ ਰਾਣੀ, ਸਰਬਜੀਤ ਸਿੰਘ ਮਾਣਕਪੁਰ, ਗੁਰਪ੍ਰੀਤ ਸਿੰਘ ਜੰਗੋਲੀ, ਜਗਵਿੰਦਰ ਕੁਮਾਰ ਜੱਗਾ, ਰਣਬੀਰ ਸਿੰਘ ਭੰਗੂ ਸਮੇਤ ਹੋਰ ਆਗੂ ਮੌਜੂਦ ਸਨ |