13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੰਜਾਬ ਪੁਲਿਸ ਮੌਜੂਦਾ ਸਮੇਂ ਦਰਪੇਸ਼ ਚੁਣੌਤੀਆਂ ਨੂੰ ਪੇਸ਼ੇਵਰ ਢੰਗ ਨਾਲ ਨਜਿੱਠਣ ਦੇ ਸਮਰੱਥ-ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ

ਅਜੀਤ ਡੈਸਕ 22-10-2025
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ 'ਤੇ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਜਾਂਬਾਜ਼ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁਲਿਸ ਯਾਦਗਾਰੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਰੋਹ ਦੌਰਾਨ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ, ਐਸ.ਐਸ.ਪੀ. ਵਰੁਣ ਸ਼ਰਮਾ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਹਰਿੰਦਰ ਸੰਧੂ, ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਸਮੇਤ ਪੁਲਿਸ ਦੇ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਤੇ ਸ਼ਹੀਦ ਪਰਿਵਾਰਾਂ ਨੇ ਸ਼ਹੀਦਾਂ ਦੀ ਸਮਾਧੀ 'ਤੇ ਫੁਲ ਮਾਲਾਵਾਂ ਭੇਟ ਕੀਤੀਆਂ | ਡੀ.ਆਈ.ਜੀ. ਨੇ ਕਿਹਾ ਕਿ ਸੂਬੇ 'ਚ ਅਮਨ ਕਾਨੂੰਨੀ ਕਾਇਮ ਕਰਨ ਲਈ ਪੰਜਾਬ ਪੁਲਿਸ ਦੀ ਬਹੁਤ ਵੱਡੀ ਕੁਰਬਾਨੀ ਹੈ ਜਦਕਿ ਮੌਜੂਦਾ ਦੌਰ 'ਚ ਵੀ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਮੌਜੂਦਾ ਸਮੇਂ ਦਰਪੇਸ਼ ਚੁਨੌਤੀਆਂ ਨਾਲ ਪੂਰੀ ਪ੍ਰਤੀਬੱਧਤਾ ਤੇ ਪੇਸ਼ੇਵਾਰ ਢੰਗ ਨਾਲ ਨਜਿੱਠਣ ਦੇ ਸਮਰੱਥ ਹੈ | ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕਰੀਬ 10 ਸਾਲ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਸ ਦੌਰਾਨ ਪੁਲਿਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਮੇਤ ਕੁਲ 1784 ਸ਼ਹੀਦ ਹੋਏ, ਇਨ੍ਹਾਂ ਵਿਚ 157 ਸ਼ਹੀਦ ਇਕੱਲੀ ਪਟਿਆਲਾ ਰੇਂਜ ਦੀ ਪੁਲਿਸ ਦੇ ਸਨ | ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਹਮੇਸ਼ਾ ਪੇ੍ਰਰਨਾ ਸਰੋਤ ਬਣੀ ਰਹੇਗੀ | ਡੀ.ਆਈ.ਜੀ. ਚਾਹਲ ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿੱਤਰ ਯਾਦ 'ਚ ਮਨਾਇਆ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲਦਾਖ਼ ਵਿਖੇ ਚੀਨ ਦੀ ਫ਼ੌਜ ਵਲੋਂ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ 'ਤੇ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੀਆਂ ਪਾ ਗਏ ਸਨ | ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੁੱਜੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ, ਜਿਸ ਲਈ ਇਨ੍ਹਾਂ ਸ਼ਹੀਦ ਪਰਿਵਾਰਾਂ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ | ਐਸ.ਐਸ.ਪੀ. ਨੇ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਪੇ੍ਰਰਨਾ ਦਿੰਦੀ ਰਹੇਗੀ | ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨਸ਼ਿਆਂ ਦੇ ਦੈਂਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ | ਡੀ.ਐਸ.ਪੀ. ਸਥਾਨਕ ਨੇਹਾ ਅਗਰਵਾਲ ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਡੀ.ਐਸ.ਪੀ. ਹਰਸਿਮਰਨ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੁਕੜੀ ਨੇ ਸੋਗ ਤੇ ਸਲਾਮੀ ਸ਼ਾਸਤਰ ਅਤੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਬਿਗਲਰ ਵਲੋਂ ਰਿਵਾਲੀ ਦੀ ਧੁਨ ਵਜਾਏ ਜਾਣ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ | ਇਸ ਮੌਕੇ ਜ਼ਿਲ੍ਹਾ ਪੁਲਿਸ ਵਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਉਪਰੰਤ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਗਈਆਂ | ਸਮਾਰੋਹ ਦੌਰਾਨ ਪਾਵਰਹਾਊਸ ਯੂਥ ਕਲੱਬ ਤੇ ਯੂਥ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਇਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਸਮਾਗਮ ਮੌਕੇ ਵਧੀਕ ਸੈਸ਼ਨਜ਼ ਜੱਜ ਹਰਿੰਦਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਸਾਬਕਾ ਆਈ.ਜੀ. ਪਰਮਜੀਤ ਸਿੰਘ ਗਿੱਲ ਤੇ ਅਮਰ ਸਿੰਘ ਚਾਹਲ, ਅਮਰਜੀਤ ਸਿੰਘ ਘੁੰਮਣ, ਸੁਖਦੇਵ ਸਿੰਘ ਵਿਰਕ, ਸ਼ਮਸ਼ੇਰ ਸਿੰਘ ਬੋਪਾਰਾਏ, ਮਨਜੀਤ ਸਿੰਘ ਬਰਾੜ, ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਮੀਤ ਪ੍ਰਧਾਨ ਪ੍ਰੇਮ ਚੰਦ, ਐਸ.ਪੀਜ ਵੈਭਵ ਚੌਧਰੀ, ਪਲਵਿੰਦਰ ਸਿੰਘ ਚੀਮਾ, ਗੁਰਬੰਸ ਸਿੰਘ ਬੈਂਸ, ਸਵਰਨਜੀਤ ਕੌਰ, ਐੱਚ.ਐਸ. ਮਾਨ, ਅੱਛਰੂ ਰਾਮ ਅਤੇ ਸਮੂਹ ਡੀ.ਐਸ.ਪੀਜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਪੂਰੀ ਸਕੂਲ ਦੀ ਵਿਦਿਆਰਥਣ ਅਵਨਪ੍ਰੀਤ ਕੌਰ ਨੂੰ ਸੌ ਫ਼ੀਸਦੀ ਨੰਬਰ ਆਉਣ 'ਤੇ ਸਾਈਕਲ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ ਦਾ ਗਗਨ ਚੌਕ ਵਿਖੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।