10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮਿੱਟੀ ਦੇ ਦੀਵਿਆਂ ਦੀ ਰੌਸ਼ਨੀ ਤਕਨਾਲੋਜੀ ਦੀ ਚਮਕ ਹੇਠ ਫਿੱਕੀ ਪਈ

ਅਜੀਤ ਡੈਸਕ 22-10-2025
ਗੁਰਵਿੰਦਰ ਸਿੰਘ ਔਲਖ
ਪਟਿਆਲਾ, 21 ਅਕਤੂਬਰ-ਦੀਵਾਲੀ ਨੂੰ ਰੌਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ ਅਤੇ ਪੰਜਾਬੀ ਰਵਾਇਤਾਂ ਵਿਚ ਮਿੱਟੀ ਦੇ ਦੀਵੇ ਇਸ ਤਿਉਹਾਰ ਦੀ ਰੂਹ ਮੰਨੇ ਜਾਂਦੇ ਸਨ ਪਰ ਆਧੁਨਿਕ ਤਕਨਾਲੋਜੀ ਦੀ ਚਮਕ ਅਤੇ ਬਾਜ਼ਾਰਵਾਦ ਦੇ ਵਧਦੇ ਦਬਾਅ ਨੇ ਇਸ ਧਰੋਹਰ ਨੂੰ ਗੰਭੀਰ ਖ਼ਤਰੇ ਵਿਚ ਪਾ ਦਿੱਤਾ ਹੈ | ਬਾਜ਼ਾਰ ਸਰੋਤਾਂ ਅਤੇ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਅਨੁਸਾਰ ਇਸ ਸਾਲ ਮਿੱਟੀ ਦੇ ਦੀਵਿਆਂ ਦੀ ਮੰਗ ਪਿਛਲੇ ਕੁਝ ਸਾਲਾਂ ਨਾਲੋਂ ਲਗਭਗ 50 ਤੋਂ 60 ਫ਼ੀਸਦੀ ਤੱਕ ਘੱਟ ਦਰਜ ਕੀਤੀ ਗਈ ਹੈ | ਇਸ ਗੱਲ ਦੀ ਪੁਸ਼ਟੀ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਵਲੋਂ 2023-24 ਦੀ ਜਾਰੀ ਰਿਪੋਰਟ ਨੇ ਵੀ ਕੀਤੀ ਹੈ ਕਿ ਮਿੱਟੀ ਦੇ ਭਾਂਡੇ ਉਦਯੋਗ ਨਾਲ ਜੁੜੇ ਰੁਜ਼ਗਾਰ ਵਿਚ 12 ਫ਼ੀਸਦੀ ਦੀ ਕਮੀ ਆਈ ਹੈ | ਪੰਜਾਬ ਖਾਦ ਤੇ ਸਪਲਾਈ ਵਿਭਾਗ ਦੀ ਫ਼ੀਲਡ ਰਿਪੋਰਟ ਮੁਤਾਬਿਕ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਪਰਿਵਾਰਾਂ ਵਿਚ ਨਵੀਂ ਪੀੜ੍ਹੀ ਇਸ ਰਵਾਇਤੀ ਪੇਸ਼ੇ ਨੂੰ ਛੱਡ ਕੇ ਸ਼ਹਿਰੀ ਰੁਜ਼ਗਾਰ ਵੱਲ ਵੱਧ ਰਹੀ ਹੈ | ਪਟਿਆਲਾ ਦੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਇਕ ਕਾਰੀਗਰ ਨੇ ਦੱਸਿਆ ਕਿ ਪਹਿਲਾਂ ਉਹ ਦੀਵਾਲੀ ਸੀਜ਼ਨ ਦੌਰਾਨ 20 ਹਜ਼ਾਰ ਤੋਂ ਵੱਧ ਦੀਵੇ ਵੇਚਦਾ ਸੀ ਪਰ ਇਸ ਵਾਰ ਮੁਸ਼ਕਲ ਨਾਲ 7 ਹਜ਼ਾਰ ਦੀਵੇ ਹੀ ਤਿਆਰ ਕੀਤੇ ਹਨ, ਕਿਉਂਕਿ ਬਾਜ਼ਾਰ ਵਿਚ ਬਿਜਲੀ ਦੀਆਂ ਲੜੀਆਂ, ਪਲਾਸਟਿਕ ਦੇ ਦੁਬਾਰਾ ਵਰਤੋਂ ਯੋਗ ਦੀਵੇ ਅਤੇ ਚੀਨ ਤੋਂ ਆਉਂਦੀਆਂ ਇਲੈੱਕਟ੍ਰਾਨਿਕ ਚਮਕੀਲੀ ਸਜਾਵਟੀ ਵਸਤੂਆਂ ਨੇ ਮਿੱਟੀ ਦੇ ਦੀਵੇ ਨੂੰ ਲਗਭਗ ਬਾਜ਼ਾਰ ਤੋਂ ਗ਼ਾਇਬ ਹੀ ਕਰ ਦਿੱਤਾ ਹੈ | ਕੇਂਦਰੀ ਵਪਾਰ ਮੰਤਰਾਲੇ ਅਨੁਸਾਰ 2022 ਤੋਂ 2024 ਤੱਕ ਤਿਉਹਾਰੀ ਅਤੇ ਪਲਾਸਟਿਕ ਸਾਮਾਨ ਦੀ ਦਰਾਮਦ ਵਿਚ 38 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ | ਇਸੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਿੱਟੀ ਦੇ ਦੀਵਿਆਂ ਦੀ ਮੰਗ ਤੇਜ਼ੀ ਨਾਲ ਘੱਟ ਰਹੀ ਹੈ, ਉਸ ਦੇ ਉਲਟ ਕੁਝ ਕਲਾਕਾਰ ਅਜੇ ਵੀ ਪਿੰਡਾਂ ਅਤੇ ਕਸਬਿਆਂ ਵਿਚ ਇਸ ਰਵਾਇਤ ਨੂੰ ਜਿੰਦਾ ਰੱਖਣ ਲਈ ਮਿਹਨਤ ਕਰ ਰਹੇ ਹਨ | ਕਲਾਕਾਰ ਦੱਸਦੇ ਹਨ ਕਿ ਮਿੱਟੀ ਦੇ ਦੀਵੇ ਸਿਰਫ਼ ਦੀਵਾਲੀ ਹੀ ਨਹੀਂ, ਸਗੋਂ ਗੁਰਪੁਰਬਾਂ, ਜਗਰਾਤਿਆਂ, ਨਗਰ ਕੀਰਤਨਾਂ, ਮੰਦਰਾਂ ਵਿਚ ਅਖੰਡ ਜੋਤ ਅਤੇ ਪਾਠ ਲਈ ਵੀ ਵਰਤੇ ਜਾਂਦੇ ਹਨ | ਵਿਦਵਾਨਾਂ ਅਨੁਸਾਰ ਜੇਕਰ ਇਸ ਪਾਸੇ ਵਲੋਂ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੀਵਾਲੀ ਦਾ ਦੀਵਾ ਇਕ ਪ੍ਰਤੀਕ ਨਾ ਰਹਿ ਕੇ ਇਕ ਇਤਿਹਾਸਕ ਯਾਦਗਾਰੀ ਚੀਜ਼ ਬਣ ਕੇ ਰਹਿ ਜਾਵੇਗਾ | ਲੋਕਧਾਰੀ ਵਰਗ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਮਿੱਟੀ ਦੇ ਕਲਾਕਾਰਾਂ ਲਈ ਵਿਸ਼ੇਸ਼ ਰੁਜ਼ਗਾਰ ਯੋਜਨਾਵਾਂ, ਸਬਸਿਡੀ ਅਤੇ ਸਿੱਖਿਆ ਪ੍ਰੋਗਰਾਮ ਲਾਗੂ ਕਰਕੇ ਇਸ ਰਵਾਇਤ ਨੂੰ ਮੁੜ ਜੀਵਤ ਕੀਤਾ ਜਾਵੇ ਤਾਂ ਜੋ ਦੀਵਾਲੀ ਦੀ ਅਸਲੀ ਰੌਣਕ ਅਤੇ ਪੰਜਾਬੀ ਸੱਭਿਆਚਾਰਕ ਪਛਾਣ ਨੂੰ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਖ਼ੁਸ਼ੀਆਂ ਦੇ ਤਿਉਹਾਰ 'ਤੇ ਜ਼ਰੂਰਤਮੰਦ ਪਰਿਵਾਰਾਂ ਲਈ ਖ਼ੁਸ਼ਹਾਲੀ ਦੀ ਕਿਰਨ ਬਣਿਆ ਰਣਜੋਧ ਸਿੰਘ ਹਡਾਣਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਕਰਵਾਇਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।