ਮਜੀਠਾ, 4 ਦਸੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਐੱਸ.ਡੀ.ਐੱਮ. ਦਫਤਰ ਮਜੀਠਾ ਵਿਖੇ ਨਾਮਜ਼ਦਗੀ ਪੱਤਰ ਲੈਣ ਦਾ ਕੰਮ ਪਹਿਲੀ ਦਸੰਬਰ ਤੋਂ ਚੱਲ ਰਿਹਾ ਹੈ | ਮਜੀਠਾ ਨੂੰ ਦੋ ਜ਼ੋਨਾਂ ਮਜੀਠਾ ਅਤੇ ਮਜੀਠਾ-2 ਵਿਚ ਵੰਡਿਆ ਗਿਆ ਹੈ | ਜਿਸ ਤਹਿਤ ਕੁੱਲ 33 ਬਲਾਕ ਸੰਮਤੀਆਂ ਆਉਂਦੀਆਂ ਹਨ | ਪਹਿਲੇ ਤਿੰਨ ਦਿਨਾਂ ਵਿਚ ਦੋਹਾਂ ਜ਼ੋਨਾਂ ਤੋਂ ਕਰੀਬ 17 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ ਅਤੇ ਅੱਜ ਆਖ਼ਰੀ ਦਿਨ ਬਾਕੀ ਸਾਰੀਆਂ ਬਲਾਕ ਸੰਮਤੀਆਂ ਵਾਸਤੇ ਪੇਪਰ ਭਰੇ ਗਏ | ਰਾਜ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਰਿਟਰਨਿੰਗ ਅਫਸਰ ਖੁਸ਼ਦਿਲ ਸਿੰਘ ਨੇ ਆਪਣੀ ਟੀਮ ਮੈਂਬਰਾਂ ਸਮੇਤ ਪੇਪਰ ਪ੍ਰਾਪਤ ਕੀਤੇ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸਵੇਰ ਤੋਂ ਹੀ ਚਾਹਵਾਨ ਉਮੀਦਵਾਰ ਦਫਤਰ 'ਚ ਪੇਪਰ ਦਾਖਲ ਕਰਾਉਣ ਵਾਸਤੇ ਪੁੱਜ ਗਏ | ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਕਿਹਾ ਗਿਆ ਕਿ ਦਫਤਰ ਦੇ ਅੰਦਰ ਸਟਾਫ ਵਲੋਂ ਬਹੁਤ ਸੁਸਤ ਚਾਲ ਨਾਲ ਅਤੇ ਪੱਖਪਾਤ ਨਾਲ ਪੇਪਰ ਲਏ ਗਏ | ਸੱਤਾਧਾਰੀ ਧਿਰ ਨੂੰ ਅਹਿਮੀਅਤ ਦਿੱਤੀ ਗਈ ਅਤੇ ਬਾਹਰ ਪੁਲਿਸ ਪ੍ਰਸ਼ਾਸਨ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਏ ਵਿਰੋਧੀ ਉਮੀਦਵਾਰਾਂ ਨੂੰ ਬਿਨਾਂ ਵਜ੍ਹਾ ਗੇਟ ਦੇ ਬਾਹਰ ਰੋਕ ਕੇ ਰੱਖਿਆ ਗਿਆ ਜਿਸ ਨਾਲ ਵੱਡੀ ਗਿਣਤੀ ਵਿਚ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਤੋਂ ਵਾਂਝੇ ਰਹਿ ਗਏ | ਸਿਵਲ ਪ੍ਰਸ਼ਾਸਨ ਦੀ ਸੁਸਤ ਕਾਰਵਾਈ ਅਤੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਧੱਕੇਸ਼ਾਹੀ ਦੇ ਖਿਲਾਫ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਇਹ ਸ਼ਰੇਆਮ ਲੋਕਤੰਤਰ ਦਾ ਘਾਣ ਹੈ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣਾ ਲੋਕਤੰਤਰਿਕ ਢਾਂਚੇ ਵਿਚ ਨਿਰਾਸ਼ਜਨਕ ਹੈ | ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ | ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਾਪਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪਹਿਲੀ ਦਸੰਬਰ ਤੋਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਆਖ਼ਰੀ ਦਿਨ 12 ਵਜੇ ਪੇਪਰ ਦਾਖਲ ਕਰਾਉਣ ਲਈ ਕਿਉਂ ਆਏ | ਕਥਿਤ ਧੱਕੇਸ਼ਾਹੀ ਦੇ ਖਿਲਾਫ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਵਾਲੇ ਦਫਤਰ ਦੇ ਬਾਹਰ ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਮੀਡੀਆ ਨੂੰ ਵੀ ਕਵਰੇਜ਼ ਕਰਨ ਵਾਸਤੇ ਦਫਤਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ |
ਮਜੀਠਾ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਮੌਕੇ ਵਿਰੋਧੀ ਪਾਰਟੀਆਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਆਮ ਆਦਮੀ ਪਾਰਟੀ 'ਤੇ ਧੱਕੇਸ਼ਾਹੀ ਦਾ ਲਾਏ ਦੋਸ਼
ਅਜੀਤ ਡੈਸਕ
05-12-2025