ਚੇਤਨਪੁਰਾ, 21 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮਹਿਲ ਜੰਡਿਆਲਾ ਸਾਹਿਬ (ਨੇੜੇ ਸੰਤੂਨੰਗਲ) ਵਿਖੇ 23 ਅਕਤੂਬਰ ਨੂੰ ਸਾਲਾਨਾ ਗੁਰਮਤਿ ਸਮਾਗਮ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਮਹਿਲ ਜੰਡਿਆਲਾ ਸਾਹਿਬ (ਸੰਤੂਨੰਗਲ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਭਾਈ ਗੁਰਭੇਜ ਸਿੰਘ ਚਵਿੰਡਾ ਦੇਵੀ ਢਾਡੀ ਜਥਾ, ਭਾਈ ਗੁਰਪਾਲ ਸਿੰਘ ਪੱਖੋਪੁਰ ਕਵੀਸ਼ਰੀ ਜਥਾ, ਭਾਈ ਜੋਗਿੰਦਰ ਸਿੰਘ ਆਦਿ ਅਤੇ ਉੱਚਕੋਟੀ ਦੇ ਰਾਗੀ, ਢਾਡੀ, ਕਥਾਵਾਚਕ, ਕਵੀਸ਼ਰੀ ਜਥੇ ਅਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਸੰਗਤਾਂ ਨੂੰ ਗੁਰ ਇਤਿਹਾਸ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਸ਼ਾਮ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੋਲਡ ਮੈਡਲਿਸਟ ਗਤਕਾ ਅਖਾੜਾ ਜਫਰਵਾਲ (ਵਿੰਗ ਮਹਿਲ ਜੰਡਿਆਲਾ) ਵਲੋਂ ਗਤਕੇ ਦੇ ਜੌਹਰ ਵੀ ਦਿਖਾਏ ਜਾਣਗੇ | ਇਸ ਤੋਂ ਇਲਾਵਾ ਸ਼ਾਮ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਜੰਡਿਆਲਾ ਦੇ ਖੇਡ ਮੈਦਾਨ ਵਿਚ ਕਬੱਡੀ ਕੱਪ ਵੀ ਹੋਵੇਗਾ |