ਨੂਰਪੁਰ ਬੇਦੀ, 9 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ਼ਹੀਦ ਗ਼ਦਰੀ ਬਾਬਾ ਕਿਰਪਾ ਸਿੰਘ ਸੁਸਾਇਟੀ ਵਲੋਂ ਜ਼ਿਲ੍ਹਾ ਰੂਪਨਗਰ ਦੇ ਕਰੀਬ 50 ਗੁਮਨਾਮ ਸ਼ਹੀਦਾਂ ਦੀ ਯਾਦ 'ਚ ਬਣਾਏ ਜਾ ਰਹੇ ਮਿਊਜ਼ੀਅਮ ਤੇ ਲਾਇਬ੍ਰੇਰੀ ਦੇ ਨਿਰਮਾਣ ਕਾਰਜ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ | ਇਸ ਸੰਬੰਧ 'ਚ ਸੁਸਾਇਟੀ ਦੇ ਮੈਂਬਰਾਂ ਨੇ ਪਿੰਡ ਅਸਮਾਨਪੁਰ 'ਚ ਲੋਕ ਸੰਪਰਕ ਮੁਹਿੰਮ ਚਲਾਈ ਅਤੇ ਪਿੰਡ ਵਾਸੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਗਰੂਕ ਕੀਤਾ | ਸੁਸਾਇਟੀ ਨੇ ਲੋਕਾਂ ਨੂੰ ਦੱਸਿਆ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣਾ ਹਰੇਕ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਹਾਨ ਕਾਰਜ ਲਈ ਸਮਾਜਿਕ ਸਹਿਯੋਗ ਬੇਹੱਦ ਜ਼ਰੂਰੀ ਹੈ | ਪਿੰਡ ਅਸਮਾਨਪੁਰ ਨਿਵਾਸੀਆਂ ਵਲੋਂ ਇਸ ਮੁਹਿੰਮ ਨੂੰ ਵੱਡੀ ਸਹਿਮਤੀ ਮਿਲੀ ਤੇ ਲੋਕਾਂ ਨੇ ਨਿਰਮਾਣ ਕਾਰਜ ਲਈ ਵੱਧ ਚੜ੍ਹ ਕੇ ਸਹਿਯੋਗ ਦਿੱਤਾ | ਅੱਜ ਹੋਈ ਮੁਹਿੰਮ ਦੌਰਾਨ ਪ੍ਰੀਤਮ ਸਿੰਘ ਰਾਏਪੁਰ, ਮਾਸਟਰ ਰਾਮਪਾਲ ਅਸਾਲਤਪੁਰ, ਮੇਜਰ ਸਿੰਘ ਅਸਮਾਨਪੁਰ, ਮੋਹਣ ਸਿੰਘ ਅਸਮਾਨਪੁਰ, ਕਰਨੈਲ ਸਿੰਘ ਅਸਮਾਨਪੁਰ, ਅਮਨਦੀਪ ਸਿੰਘ ਅਸਮਾਨਪੁਰ, ਕਰਨੈਲ ਸਿੰਘ ਮੁੰਨੇ ਸਮੇਤ ਪਿੰਡ ਦੇ ਕਈ ਵਸਨੀਕ ਹਾਜ਼ਰ ਸਨ, ਜਿਨ੍ਹਾਂ ਨੇ ਸ਼ਹੀਦਾਂ ਦੀ ਵਿਰਾਸਤ ਸੰਭਾਲਣ ਲਈ ਸੁਸਾਇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |