ਭਰਤਗੜ੍ਹ, 9 ਦਸੰਬਰ (ਜਸਬੀਰ ਸਿੰਘ ਬਾਵਾ)-ਸਥਾਨਕ ਬਲਾਕ ਸੰਮਤੀ ਜ਼ੋਨ ਤੋਂ ਸੱਤਾਧਾਰੀ ਪਾਰਟੀ 'ਆਪ' ਨੇ ਪਿੰਡ ਦੇ ਨੌਜਵਾਨ ਰਾਣਾ ਗੁਰਸੇਵਕ ਸਿੰਘ ਨੂੰ , ਸੂਬਾਈ ਕਾਂਗਰਸ ਨੇ ਕਕਰਾਲਾ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਸੈਣੀ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੇ ਸਥਾਨਕ ਨੌਜਵਾਨ ਅਜੈ ਭੱਲਾ ਨੂੰ ਆਪੋ-ਆਪਣੇ ਉਮੀਦਵਾਰ ਐਲਾਨ ਕੇ ਇਸ ਜ਼ੋਨ ਤੋਂ ਤਿਕੋਣਾ ਮੁਕਾਬਲਾ ਬਣਾ ਲਿਆ ਹੈ | ਇਨ੍ਹਾਂ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਸਬੰਧਿਤ ਪਿੰਡਾਂ 'ਚ ਸਵੱਖਤੇ ਹੀ ਵੋਟਰਾਂ ਦੇ ਬੂਹਿਆਂ 'ਤੇ ਦਸਤਕ ਦੇ ਕੇ ਆਪੋ-ਆਪਣੇ ਹੱਕ 'ਚ ਉਤਸ਼ਾਹਿਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਦਿਨ ਦੇ ਅਗਲੇ ਪਲਾਂ 'ਚ ਕੰਧਾਂ 'ਤੇ ਇਸ਼ਤਿਹਾਰ ਚਿਪਕਾਉਣ, ਚੋਣ ਰੈਲੀਆਂ ਕਰਕੇ ਪਾਰਟੀ ਨੇਤਾਵਾਂ ਦੇ ਵਿਚਾਰਾਂ ਦੀ ਸਾਂਝ ਪੁਆਉਣ ਦੇ ਨਾਲ-ਨਾਲ ਇਨ੍ਹਾਂ ਦੀਆਂ ਨਿੱਜੀ ਤੌਰ 'ਤੇ ਨੁੱਕੜ ਇਕੱਤਰਤਾਵਾਂ ਜਾਰੀ ਹਨ |