ਪੁਰਖਾਲੀ, 8 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਬਲਾਕ ਸੰਮਤੀ ਦੇ ਭੰਗਾਲਾ ਜ਼ੋਨ ਤੋਂ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਬਲਾਕ ਸੰਮਤੀ (11 ਨੰਬਰ) ਜ਼ੋਨ ਤੋਂ ਦਿਉਰ ਭਰਜਾਈ ਦਰਮਿਆਨ ਮੁਕਾਬਲਾ ਹੋ ਰਿਹਾ ਹੈ ਜੋ ਕਿ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਇਸ ਜ਼ੋਨ ਤੋਂ ਕਾਂਗਰਸ ਪਾਰਟੀ ਵਲੋਂ ਸ਼ਿੰਗਾਰਾ ਸਿੰਘ ਭੋਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਿ ਇਲਾਕੇ ਅੰਦਰ ਕਾਂਗਰਸ ਪਾਰਟੀ ਦੇ ਸਰਗਰਮ ਵਰਕਰ ਹਨ | ਸ਼ਿੰਗਾਰਾ ਸਿੰਘ ਭੋਲੋਂ ਦੇ ਪਤਨੀ ਗ੍ਰਾਮ ਪੰਚਾਇਤ ਸਰਾੜੀ ਦੇ ਸਰਪੰਚ ਰਹਿ ਚੁੱਕੇ ਹਨ | ਦੂਜੇ ਪਾਸੇ ਸ਼ਿੰਗਾਰਾ ਸਿੰਘ ਦੀ ਵੱਡੀ ਭਰਜਾਈ ਅਮਰਜੀਤ ਕੌਰ ਪਤਨੀ ਪਿਆਰਾ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਜ਼ੋਨ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ | ਪਿਆਰਾ ਸਿੰਘ ਭਾਰਤੀ ਜਨਤਾ ਪਾਰਟੀ ਦਾ ਸਰਗਰਮ ਵਰਕਰ ਹੈ, ਜਿਨ੍ਹਾਂ ਦੀ ਪਤਨੀ ਨੂੰ ਭਾਰਤੀ ਜਨਤਾ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਹੈ | ਚੋਣਾਂ ਨੂੰ ਲੈ ਕੇ ਦਿਉਰ-ਭਰਜਾਈ ਨੇ ਆਪਣੀ-ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਉਮੀਦਵਾਰਾਂ ਵਲੋਂ ਆਪਣੀ ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ | ਇਹ ਸੀਟ ਇਲਾਕੇ ਅੰਦਰ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ |