ਨੂਰਪੁਰ ਬੇਦੀ, 3 ਦਸੰਬਰ (ਵਿੰਦਰਪਾਲ ਝਾਂਡੀਆਂ)-ਕਿਰਤੀ ਕਿਸਾਨ ਮੋਰਚਾ, ਪੰਜਾਬ ਸਟੂਡੈਂਟਸ ਯੂਨੀਅਨ ਤੇ ਇਸਤਰੀ ਜਾਗਿ੍ਤੀ ਮੰਚ ਦੀ ਅਹਿਮ ਮੀਟਿੰਗ ਪਿੰਡ ਰਾਏਪੁਰ ਵਿਖੇ ਹੋਈ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਗ਼ਦਰੀ ਗੁਲਾਬ ਕੌਰ ਦੇ ਸ਼ਹੀਦੀ ਸ਼ਤਾਬਦੀ ਵਰੇ੍ਹ ਨੂੰ ਸਮਰਪਿਤ ਗ਼ਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਤੇ ਸ਼ਹੀਦ ਸਰਵਣ ਸਿੰਘ ਬਾਹਮਣ ਮਾਜਰਾ ਦੀ ਬਰਸੀ 14 ਦਸੰਬਰ ਦੀ ਜਗਾ ਹੁਣ 16 ਦਸੰਬਰ ਨੂੰ ਮਨਾਈ ਜਾਵੇਗੀ | ਮੋਰਚੇ ਦੇ ਪ੍ਰਧਾਨ ਵੀਰ ਸਿੰਘ ਬੜਵਾ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਕੁਰੜ ਨੇ ਕਿਹਾ ਕਿ 14 ਦਸੰਬਰ ਨੂੰ ਪੰਜਾਬ ਸਰਕਾਰ ਵਲੋਂ ਬਲਾਕ ਸੰਮਤੀ 'ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਹੋਣ ਕਰਕੇ ਬਰਸੀ ਦੀ ਤਰੀਕ ਬਦਲ ਦਿੱਤੀ ਗਈ ਹੈ | ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਨਵਾਂ ਬਿਜਲੀ ਬਿੱਲ 2025 ਤੇ ਨਵਾਂ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ | ਇਹ ਬਿੱਲ ਲੋਕ ਵਿਰੋਧੀ ਹਨ | ਜਿਸ ਦੇ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਪਿੰਡਾਂ ਦੇ ਵਿਚ ਪ੍ਰਚਾਰ ਮੁਹਿੰਮ ਵੀ ਚਲਾਈ ਜਾ ਰਹੀ ਹੈ ਤੇ ਨਾਲ ਹੀ ਵੱਡੀ ਗਿਣਤੀ ਲੋਕਾਂ ਨੂੰ 16 ਦਸੰਬਰ ਨੂੰ ਮੀਰਪੁਰ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ | ਇਸ ਬਰਸੀ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਤੇ ਰਮਿੰਦਰ ਸਿੰਘ ਪਟਿਆਲਾ ਆਪਣੇ ਵਿਚਾਰ ਪੇਸ਼ ਕਰਨਗੇ | ਇਸ ਮੌਕੇ ਪ੍ਰੀਤਮ ਸਿੰਘ ਰਾਏਪੁਰ, ਬਲਵੀਰ ਸਿੰਘ ਮੁੰਨੇ, ਅਮਰਜੀਤ ਸਿੰਘ ਬੈਂਸਾਂ, ਬਲਵੀਰ ਸਿੰਘ ਬੜਵਾ, ਸੋਹਣ ਸਿੰਘ ਮੁੰਨੇ, ਰਾਮ ਸਿੰਘ ਅਬਿਆਣਾ, ਹਰਦੀਪ ਕੌਰ ਕੋਟਲਾ, ਕਸ਼ਮੀਰ ਕੌਰ ਰਾਏਪੁਰ ਆਦਿ ਨੇ ਲੋਕਾਂ ਨੂੰ 16 ਦਸੰਬਰ ਨੂੰ ਬਰਸੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ |