ਐੱਸ. ਏ. ਐੱਸ. ਨਗਰ, 21 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੀਆਂ ਦੋ ਸ਼ਾਟਪੁੱਟ ਖ਼ਿਡਾਰਨਾਂ ਜੈਸਮੀਨ ਕੌਰ ਰੂਪਨਗਰ ਤੇ ਸਥਾਨਕ ਸੈਕਟਰ-70 ਵਿਚ ਪੈਂਦੇ ਪਿੰਡ ਮਟੌਰ ਦੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ ਦੀ ਧੀ ਜੁਆਏ ਬੈਦਵਾਣ ਬਹਿਰੀਨ ਵਿਖੇ ਹੋ ਰਹੀਆਂ ਯੂਥ ਏਸ਼ੀਆ ਗੇਮਜ਼ ਵਿਚ ਭਾਗ ਲੈਣ ਲਈ ਰਵਾਨਾ ਹੋ ਗਈਆਂ ਹਨ | ਦੋਵੇਂ ਖ਼ਿਡਾਰਨਾਂ ਸ਼ਾਟਪੁੱਟ ਦੇ ਅੰਡਰ 18 ਵਰਗ ਵਿਚ ਭਾਗ ਲੈਣਗੀਆਂ | ਇਨ੍ਹਾਂ ਦੋਵਾਂ ਖਿਡਾਰਨਾਂ ਦੀ ਚੋਣ ਇਸੇ ਮਹੀਨੇ ਅਥਲੈਟਿਕ ਫ਼ੈਡਰੇਸ਼ਨ ਆਫ਼ ਇੰਡੀਆ ਵਲੋਂ 10 ਅਤੇ 11 ਅਕਤੂਬਰ ਨੂੰ ਭੁਵਨੇਸ਼ਵਰ (ਉੜੀਸਾ) ਵਿਖੇ ਹੋਏ ਟਰਾਇਲ ਮਗਰੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਵਲੋਂ ਬਹਿਰੀਨ ਵਿਖੇ ਖੇਡਾਂ ਲਈ ਭੇਜੇ ਗਏ 35 ਮੈਂਬਰੀ ਦਲ ਵਿਚ 24 ਖ਼ਿਡਾਰੀ ਅਤੇ 11 ਸਹਿਯੋਗੀ ਮੈਂਬਰ, ਕੋਚ, ਡਾਕਟਰ ਤੇ ਹੋਰ ਅਮਲਾ ਸ਼ਾਮਿਲ ਹੈ | ਦਿੱਲੀ ਤੋਂ ਰਵਾਨਾ ਕੀਤੇ ਗਏ ਗਰੁੱਪ ਵਿਚ ਪੰਜਾਬ ਦੀਆਂ ਸਿਰਫ਼ ਦੋ ਖ਼ਿਡਾਰਨਾਂ ਹੀ ਸ਼ਾਮਿਲ ਹਨ | ਇਹ ਗਰੁੱਪ 23 ਅਕਤੂਬਰ ਤੋਂ 28 ਅਕਤੂਬਰ ਤੱਕ ਬਹਿਰੀਨ ਵਿਖੇ ਖੇਡਾਂ ਵਿਚ ਭਾਗ ਲਵੇਗਾ | ਯੂਥ ਏਸ਼ੀਆ ਖੇਡਾਂ ਵਿਚ ਭਾਗ ਲੈਣ ਗਈਆਂ ਦੋਵੇਂ ਖ਼ਿਡਾਰਾਂ ਸ਼ਾਟਪੁੱਟ ਦੀਆਂ ਬਿਹਤਰੀਨ ਖ਼ਿਡਾਰਨਾਂ ਹਨ ਅਤੇ ਦੋਵਾਂ ਨੇ ਕੌਮੀ ਪੱਧਰ 'ਤੇ ਅਨੇਕਾਂ ਇਨਾਮ ਹਾਸਿਲ ਕੀਤੇ ਹਨ | ਮਟੌਰ ਦੀ ਜੁਆਏ ਬੈਦਵਾਣ ਅੰਡਰ 14 ਵਰਗ ਵਿਚ ਕੌਮੀ ਖੇਡਾਂ ਵਿਚ ਨਵਾਂ ਰਿਕਾਰਡ ਵੀ ਸਥਾਪਿਤ ਕਰ ਚੁੱਕੀ ਹੈ | ਉਹ ਮੁਹਾਲੀ ਦੇ ਸੈਕਟਰ 80 ਦੇ ਕੇਦਰੀ ਵਿਦਿਆਲਿਆ ਦੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਹੈ |