ਐੱਸ. ਏ. ਐੱਸ. ਨਗਰ, 21 ਅਕਤੂਬਰ (ਕਪਿਲ ਵਧਵਾ)-ਮੁਹਾਲੀ ਵਿਖੇ ਗਤੀਸ਼ੀਲ ਇਕ ਟਰੱਕ ਦੀ ਚਪੇਟ ਵਿਚ ਆਉਣ ਨਾਲ ਇਕ ਐਕਟਿਵਾ ਚਾਲਕ ਨੌਜਵਾਨ ਨੇ ਆਪਣੀ ਜਾਨ ਗੁਆ ਲਈ ਹੈ | ਇਸ ਮਾਮਲੇ ਵਿਚ ਪੁਲਿਸ ਨੇ ਮੌਕੇ 'ਤੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਘਟਨਾ ਸਥਾਨਕ ਫੇਜ਼-8 ਸਥਿਤ ਉਦਯੋਗਿਕ ਖੇਤਰ ਵਿਖੇ ਵਾਪਰੀ ਹੈ, ਜਿੱਥੇ ਟ੍ਰੈਫਿਕ ਲਾਈਟਾਂ ਪਾਰ ਕਰਦੇ ਸਮੇਂ ਐਕਟਿਵਾ ਚਾਲਕ ਸੋਨੂੰ ਕੁਮਾਰ (29) ਦੀ ਟਰੱਕ ਦੇ ਟਾਇਰਾਂ ਹੇਠ ਆਉਣ ਨਾਲ ਮੌਤ ਹੋ ਗਈ | ਇਸ ਸੰਬੰਧੀ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮਿ੍ਤਕ ਦੇ ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਤੇ ਉਸਦਾ ਪੁੱਤਰ ਅਤੇ ਉਸਦੇ ਨਾਲ ਇਕ ਹੋਰ ਵਿਅਕਤੀ ਦੋ ਵਾਹਨਾਂ 'ਤੇ ਸਵਾਰ ਹੋ ਕੇ ਉਦਯੋਗਿਕ ਖੇਤਰ ਵਿਖੇ ਕਿਸੇ ਕੰਮ ਲਈ ਜਾ ਰਹੇ ਸਨ | ਇਸ ਦੌਰਾਨ ਜਦੋਂ ਉਹ ਕੁਆਰਕ ਸਿਟੀ ਲਾਈਟਾਂ ਮੁਹਾਲੀ ਟਾਵਰ ਵਿਖੇ ਪਹੁੰਚੇ ਤਾਂ ਟ੍ਰੈਫਿਕ ਸਿਗਨਲ ਗ੍ਰੀਨ ਹੋਣ 'ਤੇ ਐਕਟਿਵਾ ਰਾਹੀਂ ਲਾਈਟਾਂ ਪਾਰ ਕਰਦੇ ਸਮੇਂ ਸੋਨੂੰ ਕੁਮਾਰ ਅਤੇ ਦਾਨਿਸ਼ ਦੋਨਾਂ ਨੂੰ ਸੱਜੇ ਪਾਸੇ ਤੋਂ ਇਕ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਦੌਰਾਨ ਸੋਨੂੰ ਦਾ ਸਿਰ ਟਰੱਕ ਦੇ ਟਾਇਰਾਂ ਹੇਠਾਂ ਆਉਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੌਰਾਨ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਉਸਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਘਟਨਾ ਸੰਬੰਧੀ ਸਥਾਨਕ ਥਾਣਾ ਫੇਜ਼-1 ਦੀ ਪੁਲਿਸ ਨੇ ਹਰਿਆਣਾ ਨੰਬਰ ਦੇ ਟਰੱਕ ਚਾਲਕ ਅਜੀਤ ਸਿੰਘ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ |