ਮੋਰਿੰਡਾ ਇਲਾਕੇ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ
ਅਜੀਤ ਡੈਸਕ
22-10-2025
ਮੋਰਿੰਡਾ, 21 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਵਲੋਂ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋ ਕੇ ਹਾਜ਼ਰੀਆਂ ਲਵਾਈਆਂ | ਮੋਰਿੰਡਾ ਦੇ ਬਾਜ਼ਾਰਾਂ ਵਿਚ ਪਿਛਲੇ ਹਫਤੇ ਤੋਂ ਖੂਬ ਰੌਣਕਾਂ ਲੱਗੀਆਂ ਰਹੀਆਂ | ਮਿਤੀ 20 ਅਕਤੂਬਰ ਤੇ 21 ਅਕਤੂਬਰ ਨੂੰ ਇਲਾਕਾ ਨਿਵਾਸੀਆਂ ਨੇ ਖੂਬ ਖਰੀਦਦਾਰੀ ਕੀਤੀ | ਇਸ ਪਵਿੱਤਰ ਦਿਹਾੜੇ 'ਤੇ ਲੋਕਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਤੇ ਤੋਹਫੇ ਦੇ ਕੇ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ | ਇਸ ਸਾਲ ਦੋ ਦਿਨ ਦੀਵਾਲੀ ਮਨਾਉਣ ਕਾਰਨ ਦੁਕਾਨਾਂ ਵਿਚ ਦੋ ਦਿਨ ਖਰੀਦਦਾਰੀ ਹੁੰਦੀ ਰਹੀ ਅਤੇ ਪਿਛਲੇ ਸਾਲਾਂ ਨਾਲੋਂ ਇਸ ਸਾਲ ਦੁਕਾਨਦਾਰਾਂ ਦੀ ਵਿਕਰੀ ਵਿਚ ਕਾਫ਼ੀ ਵਾਧਾ ਹੋਇਆ |